ਜਗਰਾਉਂ ‘ਚ 26 ਨੂੰ ਹੋ ਰਹੀ ਕਾਨਫ਼ਰੰਸ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਜਗਰਾਉਂ, 22 ਜੂਨ
ਜਨਤਕ ਜਥੇਬੰਦੀਆਂ ਵੱਲੋਂ ਐਨਆਰਆਈ ਪਰਿਵਾਰ ਦੀ ਕੋਠੀ ‘ਤੇ ਕਾਬਜ਼ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜਾਅਲਸਾਜੀ ਗਰੋਹ ਦਾ ਕਬਜ਼ਾ ਤੋੜਨ ਅਤੇ ਐਨਆਰਆਈ ਪਰਿਵਾਰ ਨੂੰ ਘਰੇ ਵਾੜਨ ਲਈ ਤਹਿ ਕੀਤੇ 26 ਜੂਨ ਦੇ ਸੱਦੇ ਦੇ ਦਬਾਅ ਤਹਿਤ ਕੋਠੀ ਦੀਆਂ ਚਾਬੀਆਂ ਐਨਆਰਆਈ ਪਰਿਵਾਰ ਨੂੰ ਮਿਲਣ ਤੋਂ ਬਾਅਦ, ਇਸ ਮਸਲੇ ਦੇ ਅਧਾਰਿਤ ਬਣੀ 'ਐਨਆਰਆਈ ਜਾਇਦਾਦ ਬਚਾਓ ਐਕਸਨ ਕਮੇਟੀ' ਦੀ ਮੀਟਿੰਗ ਚਮਕੌਰ ਸਿੰਘ ਬਰਮੀ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਰਸੂਲਪੁਰ, ਜਗਤਾਰ ਸਿੰਘ ਦੇਹੜਕਾ, ਸੁਖਦੇਵ ਸਿੰਘ ਭੂੰਦੜੀ, ਬਲਰਾਜ ਸਿੰਘ ਕੋਟਉਮਰਾ, ਕੰਵਲਜੀਤ ਖੰਨਾ, ਜਗਸੀਰ ਸਿੰਘ ਢੁੱਡੀਕੇ, ਗੁਰਮੇਲ ਸਿੰਘ ਰੂਮੀ, ਜਗਦੀਸ਼ ਸਿੰਘ ਕਾਉਂਕੇ, ਬਲਦੇਵ ਸਿੰਘ ਰਸੂਲਪੁਰ, ਚਰਨ ਸਿੰਘ ਸਰਾਭਾ, ਦੇਵਿੰਦਰ ਸਿੰਘ ਮਲਸੀਹਾਂ, ਇੰਦਰਜੀਤ ਸਿੰਘ ਧਾਲੀਵਾਲ, ਹੁਕਮਰਾਜ ਦੇਹੜਕਾ, ਗੁਰਦਿਆਲ ਸਿੰਘ ਤਲਵੰਡੀ, ਕਮਲਜੀਤ ਸਿੰਘ ਬੁਜਰਗ, ਆਤਮਾ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।
ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਕੋਠੀ ‘ਤੇ ਕਬਜ਼ਾ ਕਰਨ ਲਈ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਨ ਵਾਲੀ ਹਲਕਾ ਵਿਧਾਇਕਾ, ਜਾਅਲਸਾਜੀ ਗਰੋਹ ਅਤੇ ਇਸ ਨਾਲ ਸਬੰਧਿਤ ਸਰਕਾਰੀ ਅਧਿਕਾਰੀਆਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ। ਹੀਰਾ ਬਾਗ ਵਿੱਚ ਸਥਿਤ ਚਰਚਿਤ ਕੋਠੀ ਦਾ ਇੰਤਕਾਲ ਤਰੁੰਤ ਐਨਆਰਆਈ ਮਾਤਾ ਅਮਰਜੀਤ ਕੌਰ ਦੇ ਨਾਮ ਕੀਤਾ ਜਾਵੇ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਉਕਤ ਮਾਮਲੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਬੰਧੀ 26 ਜੂਨ ਨੂੰ ਜਗਰਾਉਂ ਸ਼ਹਿਰ ਵਿੱਚ ਕਾਨਫਰੰਸ ਕੀਤੀ ਜਾਵੇਗੀ। ਮੀਟਿੰਗ ਵਿੱਚ ਸਮੂਹ ਪੰਜਾਬੀਆਂ ਨੂੰ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

Comments
Post a Comment