ਮਾਝੇ ਦੇ ਚਾਰ ਜ਼ਿਲ੍ਹਿਆਂ ਨੇ ਨਹਿਰੀ ਪਾਣੀ ਦੀ ਨਿਰੰਤਰ ਸਪਲਾਈ ਲੈਣ ਲਈ ਲਗਾਇਆ ਧਰਨਾ
ਅੰਮ੍ਰਿਤਸਰ, 25 ਮਈ
ਮਾਝੇ ਦੇ ਚਾਰ ਜਿਲਿਆਂ ਦੇ ਸੈਂਕੜੇ ਕਿਸਾਨਾਂ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਬੈਨਰ ਹੇਠ ਨਹਿਰੀ ਵਿਭਾਗ ਸਥਾਨਕ ਦਫਤਰ ਸਾਹਮਣੇ ਯੂਬੀਡੀਸੀ ਵਿੱਚ ਪਾਣੀ ਦੀ ਨਿਰੰਤਰ ਸਪਲਾਈ 12 ਹਜਾਰ ਕਿਊਸਿਕ ਕਰਾਉਣ ਅਤੇ ਇਸ ਨਹਿਰ ਦਾ ਨਵੀਨੀਕਰਨ ਕਰਕੇ ਨਾਲ ਹੀ ਪ੍ਰਬੰਧ ਵਿੱਚ ਸੁਧਾਰ ਕਰਵਾਉਣ ਲਈ ਵਿਸ਼ਾਲ ਧਰਨਾ ਦਿੱਤਾ ਜਿਥੇ ਖਾਰੇ ਮਾਝੇ ਜਮੀਨੀ ਸੁਧਾਰ ਲਈ ਮੌਜੂਦਾ 6.15 ਕਿਊਸਿਕ ਪਾਣੀ ਨੂੰ ਵਧਾ ਕੇ 7.50 ਕਿਊਸਿਕ ਪ੍ਰਤੀ ਇੱਕ ਹਜਾਰ ਏਕੜ ਕੀਤਾ ਜਾਵੇ। ਇਸੇ ਤਰ੍ਹਾਂ ਮਾਝੇ ਦੇ ਬਾਕੀ ਖੇਤਰ ਵਿੱਚ ਹਰ ਖੇਤ ਤੱਕ ਪਾਣੀ ਪੁੱਜਦਾ ਕਰਨ ਲਈ ਪਾਣੀ ਦੀ ਮੌਜੂਦਾ ਉਪਲਬਧਤਾ 5.15 ਕਿਊਸਿਕ ਤੋਂ 6.5 ਕਿਊਸਿਕ ਕੀਤੀ ਜਾਵੇ। ਯੂਬੀਡੀਸੀ ਵਿੱਚ ਪਾਣੀ ਦੀ ਮਿਕਦਾਰ ਵਧਾਉਣ ਲਈ ਜਿਹੜਾ ਭੀਮਪੁਰ ਇਜੈਕਟਰ ਤੋਂ ਲਗਭਗ 4 ਹਜ਼ਾਰ ਕਿਊਸਿਕ ਪਾਣੀ ਦਰਿਆ ਬਿਆਸ ਵਿੱਚ ਪਾਇਆ ਜਾ ਰਿਹਾ ਹੈ ਬੰਦ ਕੀਤਾ ਜਾਵੇ ਧਰਨੇ ਦੀ ਅਗਵਾਈ ਜਿਲ੍ਹਾ ਪ੍ਰਧਾਨਾਂ ਮੁਖਤਾਰ ਸਿੰਘ ਮੁਹਾਵਾ (ਅੰਮ੍ਰਿਤਸਰ), ਹਰਜੀਤ ਸਿੰਘ ਕਲਾਨੌਰ (ਗੁਰਦਾਸਪੁਰ), ਦਲਜੀਤ ਸਿੰਘ ਦਿਆਲਪੁਰਾ (ਤਰਨਤਾਰਨ) ਅਤੇ ਬਲਵੰਤ ਸਿੰਘ ਘੋਹ (ਪਠਾਨਕੋਟ) ਨੇ ਕੀਤੀ।
ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਸਭਾ ਦੇ ਵੈਟਰਨ ਆਗੂ ਰਘਬੀਰ ਸਿੰਘ ਪਕੀਵਾਂ, ਸੂਬਾਈ ਜਾਇੰਟ ਸਕੱਤਰ ਰਤਨ ਸਿੰਘ ਰੰਧਾਵਾ ਅਤੇ ਸੂਬਾਈ ਵਿੱਤ ਸਕੱਤਰ ਹਰਪ੍ਰੀਤ ਸਿੰਘ ਬੁਟਾਰੀ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਮਾਹਿਰਾਂ ਅਤੇ ਜਲ ਸੰਗਠਨਾਂ ਦੀ ਰਿਪੋਰਟ ਅਨੁਸਾਰ ਸਿਰਫ 13-14 ਸਾਲਾਂ ਦਾ ਹੀ ਰਹਿ ਗਿਆ ਹੈ ਜੇਕਰ ਇਸ ਸਮੇਂ ਤੋਂ ਪਹਿਲਾਂ ਪੰਜਾਬ ਦੇ ਦਰਿਆਵਾਂ ਦਾ ਨਹਿਰੀ ਕਰਨ ਕਰਕੇ ਹਰ ਖੇਤ ਲਈ ਨਹਿਰੀ ਸਿੰਚਾਈ ਦਾ ਪ੍ਰਬੰਧ ਕੀਤਾ ਜਾਵੇ, ਢਹਿਢੇਰੀ ਹੋ ਚੁੱਕੇ ਨਹਿਰੀ ਰਜਬਾਹਿਆਂ ਅਤੇ ਖਾਲਾਂ ਦੀ ਮੁੜ ਉਸਾਰੀ ਜੰਗੀ ਪੱਧਰ ਤੇ ਕੀਤੀ ਜਾਵੇ ਬੁਲਾਰਿਆਂ ਨੇ ਕਿਹਾ ਕਿ ਪਾਣੀ ਦੀ ਸਪਲਾਈ ਖੁੱਲ੍ਹੇ ਖਾਲਾਂ ਦੀ ਥਾਂ ਜਮੀਨਦੋਜ ਪਾਈਪਾਂ ਰਾਹੀਂ ਕੀਤੀ ਜਾਵੇ ਤੇ ਦਰਿਆਵਾਂ, ਨਹਿਰਾਂ ਵਿੱਚ ਪੈੰਦਾ ਪ੍ਰਦੂਸ਼ਿਤ ਪਾਣੀ ਸਖਤੀ ਨਾਲ ਰੋਕਿਆ ਜਾਵੇ ਅਤੇ ਇਸਨੂੰ ਜੁਰਮ ਕਰਾਰ ਦਿੱਤਾ ਜਾਵੇ। ਇਕੱਠ ਦੌਰਾਨ ਨਹਿਰੀ ਵਿਭਾਗ ਦੇ ਐੱਸ ਈ ਨੂੰ ਮੰਗ ਪੱਤਰ ਦਿੱਤਾ ਗਿਆ ਉਨ੍ਹਾਂ ਵੱਲੋਂ ਮੰਗਾਂ ਦਾ ਕਰਨ ਲਈ ਜਥੇਬੰਦੀ ਦੇ ਆਗੂਆਂ ਨਾਲ ਇੱਕ ਹਫਤੇ ਅੰਦਰ ਮੀਟਿੰਗ ਕਰਕ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਧਰਨੇ ਨੂੰ ਸੀਤਲ ਸਿੰਘ ਤਲਵੰਡੀ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਗੁਰਮੇਜ ਸਿੰਘ ਤਿੰਮੋਵਾਲ, ਹਰਭਜਨ ਸਿੰਘ ਟਰਪਈ, ਮੱਖਣ ਸਿੰਘ ਕੁਹਾੜ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਘੁਮਾਣ, ਰੇਸ਼ਮ ਸਿੰਘ ਫੈਲੋਕੇ, ਸਵਿੰਦਰ ਸਿੰਘ ਖਹਿਰਾ, ਹਰਭਜਨ ਸਿੰਘ ਪੱਟੀ, ਦੇਸਾ ਸਿੰਘ ਭਿੰਡੀ ਔਲਖ ਨੇ ਸੰਬੋਧਨ ਕੀਤਾ।
ਧਰਨੇ ਖਾਸੀਅਤ ਇਹ ਰਹੀ ਕਿ ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਦੀ ਤਰਫੋਂ ਬਿਜਲੀ ਵਿਭਾਗ ਦੇ ਵੱਡੇ ਅਧਿਕਾਰੀ ਵੱਲੋਂ ਬਿਜਲੀ ਨਾਲ ਸਬੰਧਤ ਔਕੜਾਂ ਅਤੇ ਮੰਗਾਂ ਦਾ ਮੰਗ ਪੱਤਰ ਲਿਆ ਅਤੇ ਹਰ ਤਰ੍ਹਾਂ ਦੀ ਮੁਸ਼ਕਿਲ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।

Comments
Post a Comment