ਖਿਡਾਰੀ ਦੇਸ਼ ਦਾ ਮਾਣ, ਖਿਡਾਰੀਆਂ ਦਾ ਅਪਮਾਨ ਦੇਸ਼ ਦਾ ਅਪਮਾਨ -ਸੰਧੂ
ਗੁਰਾਇਆ, 29 ਮਈ
ਖਿਡਾਰੀ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਦੇਸ਼ ਦਾ ਮਾਣ ਹੁੰਦੇ ਹਨ ਪਰ ਦਿੱਲੀ ਵਿਖੇ ਜੋ ਵਤੀਰਾ ਦੇਸ਼ ਦੇ ਖਿਡਾਰੀਆਂ ਤੇ ਬੱਚੀਆਂ ਨਾਲ ਕੀਤਾ ਗਿਆ ਹੈ ਉਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਸੰਧੂ ਵੱਲੋਂ ਅੱਜ ਰੁੜਕਾ ਕਲਾਂ ਵਿਖੇ ਖਿਡਾਰੀ ਲਖਵੀਰ ਲਾਲ ਅਤੇ ਸਟੇਟ ਅਵਾਰਡੀ ਹਰਮੇਸ਼ ਲਾਲ ਡੀਈਪੀ ਵੱਲੋਂ ਹੈਦਰਾਬਾਦ ਵਿਖੇ ਮਾਸਟਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤ ਕੇ ਵਾਪਿਸ ਪਰਤਣ ਮੌਕੇ ਕੀਤਾ। ਉਨ੍ਹਾਂ ਦੋਹਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਖਿਡਾਰੀ ਸਾਡੇ ਪੰਜਾਬ ਦੀ ਸ਼ਾਨ ਹਨ, ਜਿਨ੍ਹਾਂ ਨੇ ਹੈਦਰਾਬਾਦ ਵਿਖੇ ਮਾਸਟਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਹੀ ਇਹ ਦੋਵੇਂ ਖਿਡਾਰੀ ਉੱਚ ਕੋਟੀ ਦੇ ਕੋਚ ਹਨ, ਜਿਨ੍ਹਾਂ ਤੋਂ ਕੋਚਿੰਗ ਲੈ ਕੇ 150 ਤੋਂ ਵਧੇਰੇ ਖਿਡਾਰੀ ਸਟੇਟ, ਨੈਸ਼ਨਲ, ਜੂਨੀਅਰ ਤੇ ਸੀਨੀਅਰ ਵਰਲਡ ਕੱਪ, ਏਸ਼ੀਅਨ ਅਤੇ ਕਾਮਨਵੈਲਥ ਤੱਕ ਖੇਡ ਚੁੱਕੇ ਹਨ ਅਤੇ ਮੈਡਲ ਜਿੱਤ ਚੁੱਕੇ ਹਨ।
ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਖਿਡਾਰੀ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਉੱਚਾ ਕਰਦੇ ਹਨ ਪਰ ਦਿੱਲੀ ਵਿਖੇ ਜੰਤਰ ਮੰਤਰ ’ਤੇ ਸੰਘਰਸ਼ ਕਰ ਰਹੇ ਦੇਸ਼ ਦੇ ਖਿਡਾਰੀਆਂ ਨਾਲ ਸਰਕਾਰ ਬਹੁਤ ਗਲਤ ਵਰਤਾਉ ਕਰ ਰਹੀ ਹੈ ਅਤੇ ਉਨ੍ਹਾਂ ‘ਤੇ ਪਰਚੇ ਦਰਜ ਕਰ ਰਹੀ ਹੈ ਜਦਕਿ ਦੋਸ਼ੀਆਂ ਨੂੰ ਬਚਾ ਰਹੀ ਹੈ। ਜਿਸਦੇ ਖ਼ਿਲਾਫ਼ ਜਲਦੀ ਹੀ ਜੱਥੇਬੰਦਕ ਇਕੱਠ ਕਰਕੇ ਸੰਘਰਸ਼ ਦੀ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਸਟੇਟ ਅਵਾਰਡੀ ਹਰਮੇਸ਼ ਲਾਲ ਡੀਈਪੀ ਅਤੇ ਲਖਵੀਰ ਲਾਲ ਏਐਸਆਈ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਜੂੜੇ ਸਾਰੇ ਸਾਥੀਆਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਹਿੰਦਰ ਪਾਲ ਨੱਥੇਵਾਲ, ਦਿਲਬਾਗ ਸਿੰਘ, ਅਨੋਖ ਸਿੰਘ, ਮਨਜਿੰਦਰ ਸਿੰਘ ਬੀੜ ਬੰਸੀਆਂ, ਸੋਹਣ ਲਾਲ ਨੱਥੇਵਾਲ, ਜਸਵੀਰ ਸਿੰਘ, ਸਤਨਾਮ ਸਿੰਘ,ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਰਾਮ, ਸੁਖਵਿੰਦਰ ਸਿੰਘ, ਮੱਖਣ ਸਿੰਘ, ਹਰਪਾਲ ਸਿੰਘ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

Comments
Post a Comment