“ਖੇਤੀ ਸੰਕਟ ਅਤੇ ਇਸ ਦਾ ਹੱਲ” ਵਿਸ਼ੇ ‘ਤੇ ਕੂੰਮਕਲਾਂ ਵਿੱਚ ਕਰਵਾਇਆ ਸੈਮੀਨਾਰ
ਕੂੰਮਕਲਾਂ, 22 ਮਈ
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਕਮੇਟੀ ਕੂੰਮਕਲਾਂ ਵੱਲੋਂ “ਖੇਤੀ ਸੰਕਟ ਅਤੇ ਇਸ ਦਾ ਹੱਲ” ਵਿਸ਼ੇ ‘ਤੇ ਇਥੇ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਅਠਾਰਾਂ ਪਿੰਡਾਂ ਦੇ ਚੌਣਵੇਂ ਨੁਮਾਇੰਦਿਆਂ ਨੇ ਹਿੱਸਾ ਲਿਆ। ਸੈਮੀਨਾਰ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਬਿੱਟੂ ਮਿਆਣੀ, ਸਰਪੰਚ ਅਵਤਾਰ ਸਿੰਘ ਦੋਆਬਾ ਭੈਣੀ, ਦਲਵੀਰ ਸਿੰਘ ਪਾਗਲੀ, ਜਥੇਦਾਰ ਅਮਰਜੀਤ ਸਿੰਘ ਬਾਲਿਓ ਅਤੇ ਲਛਮਣ ਸਿੰਘ ਕੂੰਮਕਲਾਂ ਨੇ ਕੀਤੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪ੍ਰਗਟ ਸਿੰਘ ਸਿੰਘ ਜਾਮਾਰਾਏ ਨੇ ਆਖਿਆ ਕਿ ਖੇਤੀ ਸੰਕਟ ਲਈ ਜ਼ਮੀਨਾਂ ਦਾ ਜਗੀਰਦਾਰੀ ਪ੍ਰਬੰਧ, ਫਸਲਾਂ ਦਾ ਲਾਹੇਵੰਦ ਭਾਅ ਦਾ ਤਹਿ ਨਾ ਹੋਣਾ, ਖੇਤੀ ਲਈ ਨੀਤੀਗਤ ਫ਼ੈਸਲੇ ਲੈਣ ਸਮੇਂ ਕਿਸਾਨਾਂ ਨੂੰ ਅੱਖੋ ਪ੍ਰੋਖੇ ਕਰਨਾ ਹੈ। ਉਨ੍ਹਾ ਆਖਿਆ ਕਿ ਜੇ ਕਰ ਅਸੀਂ ਖੇਤੀ ਸੰਕਟ ਵਿੱਚੋ ਬਾਹਰ ਨਿਕਲਣਾ ਹੈ ਤਾਂ ਸਾਨੂੰ ਖੇਤੀ ਸਬੰਧੀ ਬਣਦੀਆਂ ਨੀਤੀਆਂ ਵਿੱਚ ਤਬਦੀਲੀ ਕਰਨੀ ਪਵੇਗੀ। ਉਹਨਾ ਕਿਹਾ ਕਿ ਪਹਿਲਾ ਤਾਂ ਸਾਰੀਆਂ ਖੇਤੀ ਯੋਗ ਜ਼ਮੀਨਾਂ ਦੀ ਮੌਸਮ, ਪਾਣੀ, ਭੂਗੋਲਿਕ ਹਾਲਤਾਂ ਤੇ ਜਿਣਸ ਦੀ ਮੰਗ ਮੁਤਾਬਕ ਵੰਡ ਕਰਕੇ ਫਸਲਾਂ ਉਗਾਈਆਂ ਜਾਣ। ਸਾਰੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤਹਿ ਕਰਕੇ ਫ਼ਸਲ ਉਸ ਮੁੱਲ ਉੱਤੇ ਖਰੀਦ ਦੀ ਗਾਰੰਟੀ ਹੋਵੇ। ਖੇਤੀ ਵਿੱਚ ਵਰਤੀਆਂ ਜਾਂਦੀ ਮਸ਼ੀਨਰੀ ਉੱਪਰ ਸਬਸਿਡੀ ਦਿੱਤੀ ਜਾਵੇ। ਖੇਤੀ ਦੇ ਲਾਗਤ ਖ਼ਰਚਿਆਂ ਨੂੰ ਘਟਾਇਆ ਜਾਵੇ। ਪਿੰਡਾਂ ਵਿੱਚ ਸਹਿਕਾਰੀ ਸੁਸਾਇਟੀਆਂ ਵਿੱਚ ਖੇਤੀ ਮਸ਼ੀਨਰੀ, ਖਾਦਾਂ, ਖੇਤੀ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਕਾਰਪੋਰੇਟ ਪੱਖ ਦੀ ਥਾਂ ਕਿਸਾਨ ਪੱਖੀ ਨੀਤੀਆਂ ਲਾਗੂ ਕਰੇ ਤਾਂ ਜੋ ਛੇਤੀ ਹੀ ਇਸ ਦੇ ਸੰਕਟ ‘ਤੇ ਕਾਬੂ ਪਾਇਆ ਜਾ ਸਕੇ।
ਇਸ ਮੌਕੇ ਕਈ ਦਰਸ਼ਕਾਂ ਨੇ ਆਪਣੇ ਸਵਾਲ ਕੀਤੇ ਜਿਸ ਦਾ ਪ੍ਰਗਟ ਸਿੰਘ ਜਾਮਾਰਾਏ ਵੱਲੋਂ ਜਵਾਬ ਵੀ ਦਿੱਤੇ ਗਏ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਵਿੰਦਰ ਸਿੰਘ ਰਤਨਗੜ੍ਹ, ਆਤਮਾ ਸਿੰਘ, ਨੰਦ ਸਿੰਘ, ਮਲਕੀਤ ਸਿੰਘ ਸੇਖੇਵਾਲ ਆਦਿ ਹਾਜ਼ਰ ਸਨ।

Comments
Post a Comment