ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਰੇਲਾਂ ਦਾ ਚੱਕਾ ਜਾਮ
ਅੰਮ੍ਰਿਤਸਰ 18 ਅਪ੍ਰੈਲ
ਪੰਜਾਬ ਚੈਪਟਰ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਦੀ ਹੋਈ ਬਰਬਾਦੀ ਦਾ ਮੁਆਵਜ਼ਾ ਦੇਣ ਦੀ ਬਜਾਏ ਕਣਕ ਦੇ ਦਾਣੇ ਦੀ ਗੁਣਵੱਤਾ ਵਿੱਚ ਆਈ ਕਮੀ ਨੂੰ ਅਧਾਰ ਬਣਾ ਕੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਆਦਿ ਰਾਜਾਂ ਵਿੱਚ 5 ਰੁਪਏ 50 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਪ੍ਰਤੀ ਕਵਿੰਟਲ ਦਾ ਲਾਇਆ ਕੱਟ ਰੱਦ ਕਰਵਾਉਣ ਅਤੇ ਖਰਾਬ ਫਸਲ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਸਥਾਨਕ ਰੇਲਵੇ ਸਟੇਸ਼ਨ ‘ਤੇ 12 ਤੋਂ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ। ਕਣਕ ਦੀ ਕਟਾਈ ਦੇ ਰੁਝੇਵਿਆਂ ਭਰੇ ਸਮੇਂ ਵੀ ਕਿਸਾਨ ਵੱਡੀ ਗਿਣਤੀ ਸਰਕਾਰ ਖਿਲਾਫ ਅਕਾਸ਼ ਗੁੰਜਾਊ ਨਾਅਰੇ ਲਾਉਂਦਿਆਂ ਰੇਲ ਜਾਮ ਵਿੱਚ ਸ਼ਾਮਲ ਹੋਏ। ਰੇਲ ਜਾਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਬਣਾਏ ਪ੍ਰਧਾਨਗੀ ਮੰਡਲ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੁਖਤਾਰ ਸਿੰਘ ਮੁਹਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਦਵਿੰਦਰ ਸੋਹਲ ਪੰਜਾਬ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਝਾਮਕਾ ਅਜਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਦੇ ਨਿਰਵੈਲ ਸਿੰਘ ਡਾਲੇਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਤਰਸੇਮ ਸਿੰਘ ਕਲਸੀ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਿਜੇ ਧਾਰੀਵਾਲ ਕੌਮੀ ਕਿਸਾਨ ਯੂਨੀਅਨ ਦੇ ਕੁਲਵਿੰਦਰ ਸਿੰਘ ਅਲਾਦੀਨਪੁਰ ਕਿਰਤੀ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ ਝੰਡੇਰ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੁਲਵੰਤ ਸਿੰਘ ਭਲਾਈਪੁਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਿਲਬਾਗ ਸਿੰਘ ਕਾਜੀਚੱਕ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਚਮਕੌਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਲਾਦ ਸਿੰਘ ਮੁਰਾਦਪੁਰ ਆਦਿ ਆਗੂ ਹਾਜ਼ਰ ਸਨ।
ਮੋਰਚੇ ਦੇ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ ਜਤਿੰਦਰ ਸਿੰਘ ਛੀਨਾ ਹਰਦੀਪ ਕੌਰ ਕੋਟਲਾ ਹਰਜੀਤ ਸਿੰਘ ਰਵੀ ਨਿਰਵੈਲ ਸਿੰਘ ਡਾਲੇਕੇ ਬਲਕਾਰ ਸਿੰਘ ਦੁਧਾਲਾ ਨਛੱਤਰ ਸਿੰਘ ਤਰਨਤਾਰਨ ਦਿਲਬਾਗ ਸਿੰਘ ਕਾਜੀਚੱਕ ਪਰਮਜੀਤ ਸਿੰਘ ਪ੍ਰਲਾਦ ਸਿੰਘ ਮੁਰਾਦਪੁਰ ਕੁਲਵੰਤ ਸਿੰਘ ਭਲਾਈਪੁਰ ਪ੍ਰਭਜੀਤ ਸਿੰਘ ਤਿੰਮੋਵਾਲ ਨੇ ਕਿਹਾ ਕਿ ਜਿਹੜੇ ਪ੍ਰਾਂਤਾਂ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਮੋਹਰੀ ਭੂਮਿਕਾ ਨਿਭਾਈ ਹੈ ਉਨ੍ਹਾਂ ਪ੍ਰਾਂਤਾਂ ਵਿੱਚ ਹੀ ਕਣਕ ਦੇ ਦਾਣੇ ਦੀ ਗੁਣਵੱਤਾ ਵਿੱਚ ਆਈ ਕਮੀ ਨੂੰ ਅਧਾਰ ਬਣਾ ਕੇ ਕੱਟ ਲਗਾਉਣ ਦਾ ਫੁਰਮਾਨ ਜਾਰੀ ਕੀਤਾ ਹੈ ਪਰ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰ ਰਿਹਾ ਸੰਯੁਕਤ ਕਿਸਾਨ ਮੋਰਚਾ ਇਹ ਕਦੇ ਬਰਦਾਸ਼ਤ ਨਹੀਂ ਕਰੇਗਾ।
ਆਗੂਆਂ ਨੇ ਮੰਗ ਕੀਤੀ ਕਿ ਇਹ ਕੱਟ ਤੁਰੰਤ ਰੱਦ ਕੀਤਾ ਜਾਵੇ।ਇਸ ਸਮੇਂ ਕਿਸਾਨ ਆਗੂਆਂ ਨੇ ਕਣਕ ਦੀ ਕੀਮਤ ਦੇ ਕੱਟ ਤੇ ਲਏ ਗੋਡੇ ਟੇਕੂ ਸਟੈਂਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਕੋਲੋਂ ਪੈਸੇ ਪਾਉਣ ਦਾ ਐਲਾਨ ਕਰਕੇ ਪੰਜਾਬ ਦੇ ਸੰਘਰਸ਼ੀ ਕਿਸਾਨਾਂ ਦੀ ਹੇਠੀ ਕੀਤੀ ਹੈ। ਸਰਕਾਰ ਨੂੰ ਇਸ ਕੱਟ ਨੂੰ ਰੱਦ ਕਰਵਾਉਣ ਦਾ ਸਟੈਂਡ ਲੈ ਕੇ ਕੇਂਦਰ ਸਰਕਾਰ ਨਾਲ ਡੱਟਣਾਂ ਚਾਹੀਦਾ ਸੀ। ਖਰਾਬ ਹੋਈਆਂ ਫਸਲਾਂ ਜਿਸ ਵਿੱਚ ਕਣਕ ਮੱਕੀ ਸਬਜੀਆਂ ਅਤੇ ਫਲਾਂ ਦੇ ਬਾਗਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਦਾ ਕਨੂੰਨ ਬਣਾਇਆ ਜਾਵੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।


Comments
Post a Comment