ਰੇਲ ਜਾਮ: ਪੰਜਾਬ ਭਰ ‘ਚ ਮਿਲੀ ਸੱਦੇ ਨੂੰ ਕਾਮਯਾਬੀ
ਜਲੰਧਰ, 18 ਅਪ੍ਰੈਲ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸ ਕਣਕ ਦੇ ਖਰੀਦ ਮੁੱਲ ਕੀਤੀ ਗਈ ਕਟੌਤੀ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਕਿਰਤੀ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਕਰਕੇ ਆਪਣਾ ਵਿਰੋਧ ਪ੍ਰਗਟ ਕੀਤਾ ਗਿਆ। ਇਸ ਮੌਕੇ ਤੇ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਕੇਂਦਰ ਤੇ ਸੂਬਾ ਸਰਕਾਰ ਮੌਸਮ ਦੀ ਖ਼ਰਾਬੀ ਕਾਰਨ ਖਰਾਬ ਹੋਈਆਂ ਫਸਲਾ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਕਣਕ ਦੇ ਖਰੀਦ ਮੁੱਲ ਵਿੱਚ ਕੀਤੀ ਗਈ ਕਟੌਤੀ ਨੂੰ ਰੱਦ ਕੀਤਾ ਜਾਵੇ।
ਪ੍ਰੈੱਸ ਨੂੰ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਸੂਬਾ ਹੈੱਡ ਕੁਆਟਰ ਤੇ ਪੁੱਜੀਆਂ ਰਿਪੋਰਟਾ ਮੁਤਾਬਕ ਸੂਬੇ ਭਰ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਮਿਥੇ ਗਏ ਕੇਂਦਰਾਂ ਉੱਪਰ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਰੇਲਾਂ ਦੀਆਂ ਪੱਟੜੀਆਂ ਤੇ ਧਰਨੇ ਲੱਗਾਕੇ ਰੇਲ ਗੱਡੀਆਂ ਨੂੰ ਬ੍ਰੇਕਾਂ ਲੱਗਾ ਦਿੱਤੀਆਂ। ਇਸ ਮੌਕੇ ਤੇ ਬਾਕੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਵਿਖੇ ਕਿਹਾ ਕਿ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਲੱਗੇ ਮੋਰਚੇ ਵਿੱਚ ਕਿਸਾਨਾਂ ਕੋਲੋ ਆਪਣੀ ਹੋਈ ਹਾਰ ਨੂੰ ਭੁਲਾ ਨਹੀਂ ਸਕੀ। ਜਿਸ ਕਾਰਨ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਬਦਲਾਖੋਰੀ ਤਹਿਤ ਉਹਨਾਂ ਦੀ ਜਿਣਸ ਕਣਕ ਦੇ ਖਰੀਦ ਮੁੱਲ ਉੱਪਰ ਕੱਟ ਲਗਾਇਆ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਕਿਰਤੀ ਕਿਸਾਨ ਮੋਦੀ ਸਰਕਾਰ ਦੀਆਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰਨਗੇ। ਜਿਸ ਕਾਰਨ ਮੋਦੀ ਸਰਕਾਰ ਨੂੰ ਫਸਲਾ ਦੇ ਖਰੀਦ ਮੁੱਲ ਤੇ ਲਗਾਇਆ ਕੱਟ ਰੱਦ ਕਰਕੇ ਇਕ ਵਾਰ ਫਿਰ ਆਪਣੀ ਹਾਰ ਮੰਨਣੀ ਪਵੇਗੀ।
ਜਮਹੂਰੀ ਕਿਸਾਨਾਂ ਸਭਾ ਵੱਲੋਂ ਲੁਧਿਆਣਾ ਜ਼ਿਲ੍ਹੇ ‘ਚ ਜਗਰਾਓ, ਸਮਰਾਲਾ, ਸੰਗਰੂਰ, ਪਠਾਨਕੋਟ, ਫਿਲੌਰ, ਰੂਪਨਗਰ, ਮੁਹਾਲੀ, ਬੰਠਿਡਾ, ਤਰਨਤਾਰਨ, ਗੁਰਦਾਸਪੁਰ, ਫਿਰੋਜਪੁਰ, ਪਟਿਆਲ਼ਾ, ਮਾਨਸਾ, ਬਰਨਾਲਾ, ਫਰੀਦਕੋਟ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਖੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਸਭਾ ਦੇ ਸੂਬਾਈ ਆਗੂਆਂ ਰਘਵੀਰ ਸਿੰਘ ਬੈਨੀਪਾਲ, ਮੋਹਣ ਸਿੰਘ ਧਮਾਣਾਂ, ਹਰਪ੍ਰੀਤ ਸਿੰਘ ਬੁਟਾਰੀ, ਬਲਰਾਜ ਸਿੰਘ ਕੋਟਉਮਰਾ, ਜਗਤਾਰ ਸਿੰਘ ਚਕੌਹੀ, ਪਰਮਜੀਤ ਸਿੰਘ ਮਾਛੀਵਾੜਾ, ਜਥੇਦਾਰ ਅਮਰਜੀਤ ਸਿੰਘ ਬਾਲਿਓ, ਊਧਮ ਸਿੰਘ ਸੰਤੋਖਪੁਰਾ, ਸੰਤੋਖ ਸਿੰਘ ਬਿਲਗਾ, ਕੁਲਦੀਪ ਸਿੰਘ ਫਿਲੌਰ, ਸਰਬਜੀਤ ਸਿੰਘ ਸਗੋਵਾਲ, ਮੁਖਤਾਰ ਸਿੰਘ ਮੁਹਾਵਾ, ਰਾਮ ਕ੍ਰਿਸ਼ਨ ਧਨੁਕੀਆ, ਸ਼ਿਵ ਕੁਮਾਰ, ਮੱਖਣ ਸਿੰਘ, ਸੁਖਮੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਕੱਕੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋ, ਡਾ. ਅਜੀਤ ਰਾਮ ਸ਼ਰਮਾ ਝਾਡੇ, ਡਾ. ਜਸਮੇਲ ਸਿੰਘ ਲੱਲਤੋ, ਸਿਕੰਦਰ ਸਿੰਘ ਹਿਮਾਯੂਪੁਰ ਨੇ ਵੀ ਸੰਬੋਧਨ ਕੀਤਾ।

Comments
Post a Comment