ਜਗਰਾਓ: ਸੰਯੁਕਤ ਕਿਸਾਨ ਮੋਰਚੇ ਨੇ ਰੇਲਾਂ ਦਾ ਕੀਤਾ ਚੱਕਾ ਜਾਮ
ਜਗਰਾਓ, 18 ਅਪ੍ਰੈਲ
ਕਣਕ ਦੀ ਫਸਲ ਦੇ ਖਰੀਦ ਮੁੱਲ ਵਿਚ ਮੋਦੀ ਸਰਕਾਰ ਵੱਲੋਂ ਕੀਤੀ ਗਈ ਕਟੌਤੀ ਦੇ ਵਿਰੋਧ ਅਤੇ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈਕੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਪੈਟਰਨ ਵੱਲੋਂ ਅੱਜ ਰੇਲ ਗੱਡੀਆਂ ਦਾ ਚਾਰ ਘੰਟੇ ਲਈ ਚੱਕਾ ਜਾਮ ਕੀਤਾ ਗਿਆ।
ਇਸੇ ਕੜੀ ਤਹਿਤ ਲੁਧਿਆਣਾ ਦੇ ਸ਼ਹਿਰ ਜਗਰਾਓ ਵਿਖੇ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (1936), ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਤਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਤਾ (ਧਨੇਰ), ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਹਰਦੇਵ ਸਿੰਘ ਸੰਧੂ, ਬਲਰਾਜ ਸਿੰਘ ਕੋਟਉਮਰਾ, ਐਸ ਪੀ ਸਿੰਘ, ਸਾਧੂ ਸਿੰਘ ਅੱਚਰਵਾਲ, ਜਸਦੇਵ ਸਿੰਘ ਲੱਲਤੋ, ਬਲਜੀਤ ਸਿੰਘ ਗਰੇਵਾਲ, ਜਗਤਾਰ ਸਿੰਘ ਦੇਹੜਕਾ, ਬੂਟਾ ਸਿੰਘ ਚੱਕਰ, ਮਹਿੰਦਰ ਸਿੰਘ ਕਮਾਲਪੁਰਾ, ਜੁਗਿੰਦਰ ਸਿੰਘ ਨੇ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੱਖ ਵਿਚ ਨੀਤੀਆਂ ਬਣਾ ਕੇ ਦੇਸ਼ ਨੂੰ ਲੁੱਟਣਾ ਚਾਹੁੰਦੀ ਹੈ।
ਕਿਸਾਨ ਜਿੱਥੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਘਾਟੇ ਵਿੱਚ ਜਾ ਰਹੇ ਹਨ, ਉੱਥੇ ਉਹਨਾਂ ਲਈ ਮੌਸਮ ਵੀ ਸਾਜਗਾਰ ਨਹੀ ਸਾਬਤ ਹੋ ਰਿਹਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਮੌਸਮ ਕਾਰਨ ਖਰਾਬ ਹੋਈਆਂ ਫਸਲਾ ਦਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਸੀ। ਪਰ ਕੇਂਦਰ ਸਰਕਾਰ ਨੇ ਉਹਨਾਂ ਦੀ ਜਿਣਸ ਕਣਕ ਦੇ ਖਰੀਦ ਮੁੱਲ ਵਿਚ ਹੀ ਕਟੌਤੀ ਕਰ ਦਿੱਤੀ। ਜਿਸ ਕਿਸਾਨ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਤਾ ਉਹ ਮੁੜ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਸਮਾਗਮ ਮੌਕੇ ਸਟੇਜ ਸਕੱਤਰ ਦੀ ਜਿਮੇਵਾਰੀ ਹਰਨੇਕ ਸਿੰਘ ਗੁੱਜਰਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਦੀ ਟੀਮ ਵੱਲੋਂ ਨਿਰਦੇਸ਼ਕ ਤੀਰਥ ਚੜਿੱਕ ਤੇ ਦਲਜਿੰਦਰ ਡਾਲਾ ਵੱਲੋਂ ਨਾਟਕ “ਲੀਰਾਂ” ਪੇਸ਼ ਕੀਤਾ ਗਿਆ। ਲਖਵੀਰ ਸਿੱਧੂ, ਰਾਮ ਸਿੰਘ ਹਠੂਰ, ਬੂਟਾ ਸਿੰਘ ਹਾਸ, ਜੁਗਰਾਜ ਸਿੰਘ ਅੱਚਰਵਾਲ ਤੇ ਜੰਗਣ ਸਿੰਘ ਝੋਲੜਾ ਨੇ ਗੀਤ ਤੇ ਕਵਿਤਾਵਾ ਪੇਸ਼ ਕੀਤੀਆਂ।


Comments
Post a Comment