ਮੁਆਵਜ਼ੇ ਲਈ ਪੰਜ ਏਕੜ ਦੀ ਸ਼ਰਤ ਨੇ ਕਿਸਾਨਾਂ ਦੀ ਨੀਂਦ ਉਡਾਈ
ਸਿੱਧਵਾਂ ਬੇਟ, 8 ਅਪ੍ਰੈਲ
ਸਮੁੱਚੇ ਪੰਜਾਬ ਵਿੱਚ ਮੌਸਮ ਦੀ ਪਈ ਵੱਡੀ ਮਾਰ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਸਰਕਾਰ ਵੱਲੋਂ ਕੀਤੇ ਐਲਾਨਾਂ ‘ਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ। 5 ਏਕੜ ਤੱਕ ਸ਼ਰਤ ਨੇ ਠੇਕੇ ‘ਤੇ ਜ਼ਮੀਨਾਂ ਲੈ ਕੇ ਵੱਡੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਨੀਂਦ ਉਡਾ ਦਿਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਨੇ ਇਥੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਬੋਰਡ, ਰੋਡਵੇਜ਼, ਬਿਜਲੀ ਬੋਰਡ ਕੰਗਾਲ ਹੋ ਚੁੱਕੇ ਹਨ। ਸਰਕਾਰ ਨੇ ਬਜਟ ਦੌਰਾਨ ਇਹ ਤਸਲੀਮ ਕੀਤਾ ਸਾਢੇ ਤਿੰਨ ਲੱਖ ਕਰੋੜ ਪੰਜਾਬ ਸਿਰ ਚੜ੍ਹੇ ਕਰਜ਼ੇ ਦੀਆਂ ਕਿਸ਼ਤਾਂ ਦੇਣ ਲਈ ਕਰਜ਼ ਲੈਣਾ ਪੈ ਰਿਹਾ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਇਕ ਸਾਲ ਵਿਚ 30 ਹਜ਼ਾਰ ਕਰੋੜ ਕਰਜਾ ਲਵੇ ਆਪ ਸਰਕਾਰ ਇਹ ਦੱਸੇ ਅਰਬਾਂ ਰੁਪਏ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਕਿੱਥੋਂ ਲਿਆ ਕੇ ਦੇਵੇਗੀ। ਉਨ੍ਹਾਂ ਕਿਹਾ ਕਿ ਮੋਮੋ ਠੱਗਣੀਆਂ ਗੱਲਾਂ ਅਤੇ ਝੂਠੇ ਐਲਾਨ ਕਰਕੇ ਪਹਿਲੀਆਂ ਸਰਕਾਰਾਂ ਵਾਂਗ ਹੀ ਕਿਸਾਨਾ ਨੂੰ ਧੋਖੇ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ 10 ਅਪ੍ਰੈਲ ਨੂੰ ਸਰਕਾਰ ਦੀਆਂ ਬੇਤੁਕੀਆਂ ਗੱਲਾਂ ਅਤੇ ਝੂਠੇ ਐਲਾਨਾਂ ਦੇ ਵਿਰੋਧ ਸਮੁੱਚੇ ਪੰਜਾਬ ਵਿੱਚ ਮੰਗ ਪੱਤਰ ਦੇਵੇਗੀ।

Comments
Post a Comment