ਹਨ੍ਹੇਰੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਮੰਗਿਆਂ ਮੁਆਵਜ਼ਾ
ਡੇਹਲੋ, 27 ਅਪ੍ਰੈਲ
ਨੇੜਲੇ ਪਿੰਡ ਜੜਤੌਲੀ ਵਿਖੇ ਅੱਜ ਸਵੇਰੇ ਤਕਰੀਬਨ ਸਵਾ ਸੱਤ ਵਜੇ ਆਈ ਹਨ੍ਹੇਰੀ ਨੇ ਦਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਤਕਰੀਬਨ 2100 ਵਰਗ ਸਕੇਅਰ ਫੁੱਟ ਦੇ ਸ਼ੈਡ ਨੂੰ ਉਡਾ ਦਿੱਤਾ। ਜਿਸ ਨਾਲ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ। ਇਸ ਮੌਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ‘ਤੇ ਹਾਜ਼ਰ ਦਵਿੰਦਰ ਸਿੰਘ ਨੇ ਦੱਸਿਆ ਕਿ ਹਨ੍ਹੇਰੀ ਦਾ ਇਕ ਭਾਰੀ ਬੁੱਲਾ ਥੋੜੇ ਏਰੀਏ ਵਿੱਚ ਆਇਆ, ਜਿਸ ਨੇ ਉਹਨਾਂ ਦੇ ਘਰ ਵਿੱਚ ਟਰੈਕਟਰ, ਟਰਾਲੀਆਂ, ਹੱਲ ਤੇ ਖੇਤੀ ਦੀ ਹੋਰ ਮਿਸ਼ਨਰੀ ਖੜਾਉਣ ਲਈ ਬਣਾਏ ਭਾਰੀ ਸ਼ੈਡ ਨੂੰ ਵੈਲਡਿੰਗ ਕੀਤੇ ਗਾਡਰ ਤੇ ਲੋਹੇ ਦੀਆਂ ਚਾਦਰਾ ਤੋੜ੍ਹ ਕੇ 200 ਫੁੱਟ ਦੂਰ ਸੁੱਟ ਦਿੱਤੇ। ਜਿਸ ਨਾਲ ਬਿਜਲੀ ਦੀਆਂ ਤਾਰਾਂ, ਖੰਭੇ ਤੇ ਦਰਖਤ ਵੀ ਟੁੱਟ ਗਏ। ਸਾਰੇ ਪਿੰਡ ਦੀ ਬਿਜਲੀ ਦੀ ਸਪਲਾਈ ਵੀ ਠੱਪ ਹੋ ਗਈ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਇਸ ਹਨ੍ਹੇਰੀ ਇਸ ਕਿਸਾਨ ਪਰਿਵਾਰ ਦਾ ਵੱਡਾ ਮਾਲੀ ਨੁਕਸਾਨ ਕੀਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਵਿਸ਼ੇਸ਼ ਜਾਂਚ ਕਰਕੇ ਕਿਸਾਨ ਪਰਿਵਾਰ ਨੂੰ ਢੁਕਵਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸ ਹਨ੍ਹੇਰੀ ਨੇ ਕਈ ਥਾਵਾ ‘ਤੇ ਦਰਖਤ ਤੋੜ ਦਿੱਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੇਵ ਸਿੰਘ, ਕਾਕਾ ਸਿੰਘ, ਬਹਾਦਰ ਸਿੰਘ, ਰਛਪਾਲ ਸਿੰਘ, ਜੈਜੀ ਜੜਤੌਲੀ ਹਾਜ਼ਰ ਸਨ।

Comments
Post a Comment