ਖਰਾਬ ਹੋਈ ਫਸਲ ਦਾ ਮੁਆਵਜ਼ਾ ਕਿਸਾਨਾਂ ਨੂੰ ਜਲਦੀ ਮਿਲੇ- ਸੀਲੋ ਖੁਰਦ
ਡੇਹਲੋ, 11 ਅਪ੍ਰੈਲ
“ਬੇਮੌਸਮੇ ਮੀਂਹ, ਹਨੇਰੀ ਤੇ ਗੜਿਆਂ ਕਾਰਨ ਸਾਰੀਆਂ ਫਸਲਾਂ ਕਣਕ, ਸਰੋਂ, ਦਾਲਾਂ ਸਬਜ਼ੀਆਂ ਤੇ ਬਾਗਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਿਸ ਕਾਰਨ ਪਹਿਲਾ ਹੀ ਕਰਜ਼ੇ ਦੀ ਚੱਕੀ ਵਿੱਚ ਪਿਸ ਰਹੇ ਕਿਸਾਨਾ ਦਾ ਲੱਕ ਟੁੱਟ ਗਿਆ ਹੈ। ਇਸ ਲਈ ਸਰਕਾਰਾਂ ਨੂੰ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆ ਕੇ ਕਣਕ ਸਰੋਂ ਦੀ ਖਰਾਬ ਹੋਈ ਫਸਲ ‘ਤੇ ਪੰਜਾਹ ਹਜ਼ਾਰ, ਸਬਜ਼ੀਆਂ ਤੇ ਦਾਲਾਂ ਦੀ ਫਸਲ ‘ਤੇ ਸੱਠ ਹਜ਼ਾਰ, ਬਾਗਾਂ ਦੇ ਹੋਏ ਨੁਕਸਾਨ ਲਈ ਇਕ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਜਲਦੀ ਨਾਲ ਦੇਣਾ ਚਾਹੀਦਾ ਹੈ।” ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਸੀਲੋ ਖੁਰਦ ਨੇ ਪਿੰਡ ਵਿੱਚ ਖੇਤੀ ਮਹਿਕਮੇ ਦੇ ਗਿਦਾਵਰੀ ਕਰਨ ਆਏ ਅਫਸਰਾਂ ਦੀ ਹਾਜ਼ਰੀ ਵਿੱਚ ਪ੍ਰੈਸ ਨੂੰ ਕਹੇ। ਉਹਨਾਂ ਇਹ ਵੀ ਆਖਿਆ ਕਿ ਖੇਤੀਬਾੜੀ ਤੇ ਮਾਲ ਮਹਿਕਮੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਰਕੇ ਸਾਰੇ ਪਿੰਡਾਂ ਦੀ ਗਿਦਾਵਰੀ ਸਮੇਂ ਸਿਰ ਨਹੀਂ ਹੋ ਰਹੀ। ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਵੀ ਜਲਦੀ ਨਾਲ ਭਰੇ। ਗਿਦਾਵਰੀ ਲਈ ਸਮਾਂ ਹੋਰ ਵਧਾਇਆ ਜਾਵੇ। ਪਿੰਡ ਸੀਲੋ ਖੁਰਦ ਵਿੱਚ ਖੇਤੀਬਾੜੀ ਮਹਿਕਮੇ ਦੇ ਅਫਸਰ ਗੁਰਮੀਤ ਧਾਲੀਵਾਲ ਆਪਣੇ ਸਟਾਫ਼ ਸਮੇਂ ਗਿਦਾਵਰੀ ਲਈ ਪਹੁੰਚੇ ਸਨ।

Comments
Post a Comment