ਕਣਕ ਦੇ ਖਰੀਦ ਮੁੱਲ ਵਿਚ ਕਟੌਤੀ ਵਿਰੁੱਧ 18 ਅਪ੍ਰੈਲ ਨੂੰ ਹੋਵੇਗਾ ਰੇਲਾਂ ਦਾ ਚੱਕਾ ਜਾਮ- ਗੁੱਜਰਵਾਲ
ਡੇਹਲੋ, 16 ਅਪ੍ਰੈਲ
ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਟੀਮ ਵੱਲੋਂ ਇਲਾਕੇ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਨ ਉਪਰੰਤ ਦਾਣਾ ਮੰਡੀ ਕਿਲ੍ਹਾ ਰਾਏਪੁਰ ਵਿਖੇ ਆਖਿਆ ਕਿ ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਤੇਜ ਹੋ ਗਈ ਹੈ ਪਰ ਕਣਕ ਦੀ ਖਰੀਦ ਸੁਸਤ ਹੈ। ਜਿਸ ਕਾਰਨ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਵਫ਼ਦ ਦੀ ਅਗਵਾਈ ਏਰੀਆਂ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ ਨੇ ਕੀਤੀ।
ਇਸ ਮੌਕੇ ਤੇ ਪ੍ਰੈਸ ਨਾਲ ਗੱਲ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਣਕ ਦੇ ਖਰੀਦ ਮੁੱਲ ਉੱਪਰ ਲਗਾਇਆ ਗਿਆ ਕੱਟ ਕਿਸਾਨਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਉਹਨਾਂ ਕਿਹਾ ਕਿ ਜਿੱਥੇ ਕਿਸਾਨ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਘਾਟੇ ਵਿਚ ਹੈ, ਉੱਥੇ ਕਿਸਾਨਾਂ ਉੱਪਰ ਮੌਸਮ ਦੀ ਮਾਰ ਵੀ ਪਈ ਹੈ। ਸਰਕਾਰਾਂ ਨੂੰ ਚਾਹੀਦਾ ਸੀ ਕਿ ਇਸ ਮੌਕੇ ਕਿਸਾਨਾਂ ਦੀ ਬਾਂਹ ਫੜੀ ਜਾਂਦੀ। ਪਰ ਕੇਂਦਰ ਦੀ ਮੋਦੀ ਸਰਕਾਰ ਨੇ ਉਲਟਾਂ ਕਣਕ ਦੀ ਮੁੱਲ ਉੱਪਰ ਕਟੌਤੀ ਕਰ ਦਿੱਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਰੱਦ ਕਰਵਾਉਣ ਲਈ 18 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 12 ਵਜੇ ਦੁਪਹਿਰ ਤੋਂ ਲੈਕੇ 4 ਵਜੇ ਸ਼ਾਮ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕਣਕ ਦੀ ਤੁਲਾਈ ਕੰਪਿਊਟਰ ਕੰਢੇ ਨਾਲ ਕੀਤੀ ਜਾਵੇ। ਮਾਪਦੰਡ ਤੋਂ ਜ਼ਿਆਦਾ ਤੋਲਣ ਵਾਲੇ ਆੜ੍ਹਤੀਏ ਅਤੇ ਫਰਮ ਉੱਪਰ ਧੋਖਾਧੜੀ ਤੇ ਚੋਰੀ ਦਾ ਪਰਚਾ ਦਰਜ ਕਰਕੇ ਉਸ ਦਾ ਲਾਇਸੰਸ ਰੱਦ ਕੀਤਾ ਜਾਵੇ। ਉਹਨਾਂ ਕਿਹਾ ਇਸ ਸੰਬੰਧੀ ਇਲਾਕੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਅਪੀਲ ਕੀਤੀ ਕਿ ਇਸ ਰੇਲ ਰੋਕੋ ਐਕਸ਼ਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਇਆ ਜਾਵੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਕਰਮ ਸਿੰਘ ਗਰੇਵਾਲ਼, ਮੋਹਣਜੀਤ ਸਿੰਘ, ਮੱਲ ਸਿੰਘ ਲੋਹਗੜ੍ਹ ਹਾਜ਼ਰ ਸਨ।

Comments
Post a Comment