ਇੱਕੀਵੀਂ ਸਦੀ ਦਾ ਸਭ ਤੋਂ ਵੱਡਾ, ਸ਼ਾਂਤੀਪੂਰਵਕ ਕਿਸਾਨ ਘੋਲ ਜੋ ਲੋਕ ਅੰਦੋਲਨ ਬਣਕੇ ਜੇਤੂ ਹੋ ਨਿਬੜਿਆ
ਕੁਲਵੰਤ ਸਿੰਘ ਸੰਧੂ
ਜਨਰਲ ਸਕੱਤਰ, ਜਮਹੂਰੀ ਕਿਸਾਨ ਸਭਾ ਪੰਜਾਬ
ਪੂਰਵ ਪੂੰਜੀਵਾਦ ਦੌਰ ਤੋਂ ਲੈ ਕੇ ਹੁਣ ਤੱਕ ਵਾਧੂ ਪੈਦਾਵਾਰ ਨਾਲ ਪੈਦਾ ਹੋਈ ਸ਼੍ਰੇਣੀ ਵੰਡ ਦੇ ਨਤੀਜੇ ਵਜੋਂ ਲੁੱਟੇ ਜਾ ਰਹੇ ਲੋਕ ਹਜਾਰਾਂ ਸਾਲਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਦੇ ਰਾਹ ਪਏ ਤੁਰੇ ਆ ਰਹੇ ਹਨ।
ਉਕਤ ਦਿ੍ਰਸ਼ਟੀ ਤੋਂ ਗੁਲਾਮਦਾਰੀ ਦੇ ਖਾਤਮੇ ਲਈ ਸਪਾਰਕਟਸ ਦੀ ਅਗਵਾਈ ਵਿਚ ਚੱਲਿਆ ਰੋਮ ਦੇ ਗੁਲਾਮਾਂ ਦਾ ਯੁਗ ਪਲਟਾਊ ਸੰਘਰਸ਼ ਮਾਨਵ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਰਜਵਾੜਾਸ਼ਾਹੀ ਦੇ ਦੌਰ ਵਿੱਚ ਸਾਡੇ ਆਪਣੇ ਖਿੱਤੇ ਵਿੱਚ ਕਰੀਬ 450 ਸਾਲ ਪਹਿਲਾਂ ਸਾਂਦਲ ਬਾਰ ਵਿਚ ਅਕਬਰ ਦੇ ਜ਼ਮਾਨੇ ਵਿਚ ਦੁਲਾ ਭੱਟੀ ਦੇ ਬਾਬਾ, ਪਿਤਾ ਅਤੇ ਖੁਦ ਦੁੱਲਾ ਭੱਟੀ ਵੱਲੋਂ ਮੁਗ਼ਲ ਸਲਤਨਤ ਦੇ ਖਿਲਾਫ਼ ਲੜਿਆ ਗਿਆ ਸ਼ਾਨਾਮਤਾ ਸੰਘਰਸ਼, ਜਿਸ ਵਿਚ ਦੁੱਲੇ ਭੱਟੀ ਦੇ ਬਾਬਾ ਅਤੇ ਪਿਤਾ ਨੂੰ ਸ਼ਹੀਦ ਕਰਕੇ ਸਰੀਰ ਵਿਚ ਫੂਸ ਭਰਕੇ ਲਾਸ਼ਾਂ ਕਿਲੇ ਦੀਆਂ ਕੰਧਾਂ ਤੇ ਲਟਕਾ ਦਿੱਤੀਆਂ ਗਈਆਂ ਸਨ, ਦਾ ਲੋਕ ਮਨਾਂ ਵਿੱਚ ਉਚੇਚਾ ਸਨਮਾਨਯੋਗ ਰੁਤਬਾ ਹੈ। ਦਾਦੇ ਅਤੇ ਪਿਤਾ ਦੀਆਂ ਮਾਣਮੱਤੀਆਂ ਸ਼ਹਾਦਤਾਂ ਦੇ ਬਾਵਜੂਦ ਦੁੱਲੇ ਭੱਟੀ ਨੇ ਜੰਗ ਜਾਰੀ ਰੱਖੀ ਅਤੇ ਲੁੱਟਿਆ ਸਰਕਾਰੀ ਮਾਲ ਗਰੀਬ-ਗੁਰਬੇ ਵਿਚ ਵੰਡਦਾ ਰਿਹਾ। ਸਥਾਪਤੀ ਵਿਰੋਧੀ ਟੱਕਰ ਵਿਚ ਹੀ ਗਰੀਬ ਪਰਿਵਾਰ ਦੀ ਸੁੰਦਰੀ ਨਾਂ ਦੀ ਲੜਕੀ, ਜਿਸਨੂੰ ਮੁਗ਼ਲ ਅਹਿਲਕਾਰ ਉਧਾਲਣਾ ਚਾਹੁੰਦੇ ਸਨ, ਦਾ ਵਿਆਹ ਦੁੱਲੇ ਭੱਟੀ ਨੇ ਆਪਣੇ ਹੱਥੀਂ ਕੀਤਾ, ਜਿਸ ਕਾਰਨ ਅੱਜ ਤੱਕ ਲੋਕ ਗੀਤ ‘ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ‘, ਲੜਕੀਆਂ ਲੋਹੜੀ ਮੌਕੇ ਗਾਉਂਦੀਆਂ ਹਨ।
ਉਸ ਤੋਂ ਬਾਅਦ 18ਵੀਂ ਸਦੀ ਦੇ ਸ਼ੁਰੂ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਬਿਆਂ- ਕੁਚਲਿਆਂ ਦੀ ਫੌਜ ਤਿਆਰ ਕਰਕੇ ਵੱਡੇ ਜ਼ਿਮੀਦਾਰਾਂ ਦੀ ਜ਼ਮੀਨ ਹਲਵਾਹਕਾਂ ਨੂੰ ਦਿੱਤੀ ਅਤੇ ਮੁਗ਼ਲ ਸਲਤਨਤ ਨਾਲ ਲੜਦਿਆਂ ਉਸ ਸ਼ਹਿਰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਜਿੱਥੇ ਛੋਟੇ ਸਾਹਿਬਜ਼ਾਦਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਭਾਵੇਂ ਇਸ ਤੋਂ ਬਾਅਦ ਬੰਦੇ ਬਹਾਦਰ ਨੂੰ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਜ਼ੁਲਮ ਦੇ ਖ਼ਿਲਾਫ਼ ਨਾਬਰੀ ਦੀਆਂ ਲਹਿਰਾਂ ਕਦੇ ਵੀ ਖਤਮ ਨਹੀਂ ਹੋਈਆਂ ਅਤੇ ਲੁੱਟੇ-ਲਤਾੜੇ ਲੋਕਾਂ ਦੀਆਂ ਇਨਕਲਾਬ ਲਿਆਉਣ ਦੀ ਲੜਾਈਆਂ ਵੱਖ ਵੱਖੋ-ਵੱਖ ਰੂਪਾਂ ਵਿਚ ਚੱਲਦੀਆਂ ਰਹੀਆਂ।
ਉੱਨੀਵੀਂ ਸਦੀ ਦਾ 1855 ਦਾ ਵਿਰਸਾ ਮੁੰਡਾ ਦੀ ਅਗਵਾਈ ਵਾਲਾ ਕਿਸਾਨ ਅੰਦੋਲਨ ਵੀ ਵੱਡੇ ਮਹੱਤਵ ਵਾਲਾ ਘੋਲ ਸੀ। ਵੀਹਵੀਂ ਸਦੀ ਦਾ 1907 ਵਾਲਾ ਚਾਚਾ ਅਜੀਤ ਸਿੰਘ ਦੀ ਅਗਵਾਈ ਵਾਲਾ ‘ਪੱਗੜੀ ਸੰਭਾਲ ਜੱਟਾ’ ਅੰਦੋਲਨ ਜੋ ਅੰਗਰੇਜ਼ਾਂ ਵੱਲੋਂ ਪੰਜਾਬੀਆਂ ਦੁਆਰਾ ਅਬਾਦ ਕੀਤੀ ਬਾਰ ਦੇ ਉਪਜਾਊ ਹੋਣ ਉਪਰੰਤ ਕਿਸਾਨਾਂ ਤੋਂ ਜ਼ਮੀਨ ਖੋਹਣ ਲਈ ਬਣੇ ਤਿੰਨ ਕਾਨੂੰਨ ਖਿਲਾਫ਼ ਉੱਠਿਆ ਸੀ, ਨੌ ਮਹੀਨੇ ਤੱਕ ਚੱਲਿਆ ਸ਼ਾਨਦਾਰ ਅੰਦੋਲਨ ਸੀ ਜੋ ਅੰਤ ਨੂੰ ਜੇਤੂ ਹੋ ਨਿਬੜਿਆ ਵੀ ਉਚੇਚਾ ਜਿਕਰਯੋਗ ਹੈ। ਇਸ ਘੋਲ ਵਿਚ ਚਾਚਾ ਅਜੀਤ ਸਿੰਘ ਨੂੰ 38 ਸਾਲ ਤੱਕ ਜਲਾਵਤਨੀ ਕੱਟਣੀ ਪਈ ਸੀ। ਇਸ ਤੋਂ ਬਿਨਾਂ ਜਾਗੀਰਦਾਰਾਂ ਵੱਲੋਂ ਮੁਜ਼ਾਰਿਆਂ ਦੀ ਲੁੱਟ ਖ਼ਿਲਾਫ਼ ਬੰਨ੍ਹੇ ਤੇ ਅੱਧੋ-ਅੱਧ ਲੈਣ ਦਾ ਅੰਦੋਲਨ, ਸਾਥੀ ਦਲੀਪ ਸਿੰਘ ਟਪਿਆਲਾ ਦੀ ਅਗਵਾਈ ਹੇਠ ਨਹਿਰੀ ਪਾਣੀ ਲਈ ਚੱਲਿਆ ਮੋਘਾ ਮੋਰਚਾ, 1946 ਤੋਂ 51 ਤੱਕ ਚੱਲੀ ਪੈਪਸੂ ਦੀ ਮੁਜ਼ਾਰਾ ਲਹਿਰ ਜਿਸ ਵਿਚ 784 ਪਿੰਡਾਂ ਦੀ ਤਕਰੀਬਨ 17 ਲੱਖ ਏਕੜ ਜ਼ਮੀਨ ਦੀ ਮਾਲਕੀ ਬੇਜਮੀਨੇ ਮੁਜਾਰਿਆਂ ਨੇ ਪ੍ਰਾਪਤ ਕੀਤੀ ਆਦਿ ਵੀ ਬੜੇ ਸ਼ਾਨਾਮਤੇ ਘੋਲ ਸਨ। ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵੱਲੋਂ ਦੁਆਬੇ ‘ਚ ਬਿਸਤ ਦੁਆਬ ਨਹਿਰ ਬਣਾਉਣ ਬਦਲੇ ਕਿਸਾਨਾਂ-ਮਜ਼ਦੂਰਾਂ ਸਿਰ ਖੁਸ਼ ਹੈਸੀਅਤ ਟੈਕਸ ਦਾ ਬੋਝ ਲੱਦਿਆ ਗਿਆ ਤਾਂ ਇਸ ਜਜੀਏ ਖ਼ਿਲਾਫ਼ ਵੀ ਕਿਸਾਨਾਂ ਨੇ ਸ਼ਾਨਦਾਰ ਅੰਦੋਲਨ ਲੜਿਆ। ਹਜ਼ਾਰਾਂ ਕਿਸਾਨਾਂ ਗਿ੍ਰਫਤਾਰ ਕੀਤੇ ਗਏ, ਜਮੀਨਾਂ, ਮਾਲ-ਡੰਗਰ ਦੀਆਂ ਕੁਰਕੀਆਂ ਕੀਤੀਆਂ ਗਈਆਂ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਕੀਤੇ ਗਏ ਪਰ ਕਿਸਾਨਾਂ ਨੇ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕੈਰੋਂ ਸਰਕਾਰ ਟੈਕਸ ਉਗਰਾਹੁਣ ਵਿਚ ਸਫਲ ਨਾ ਹੋ ਸਕੀ। ਆਖ਼ਰ 1967 ਵਿਚ ਸਾਂਝੇ ਮੋਰਚੇ ਦੀ ਸਰਕਾਰ ਸਮੇਂ ਸਾਰਾ ਟੈਕਸ ਵਾਪਸ ਲਿਆ ਗਿਆ।
ਇੱਕਵੀਂ ਸਦੀ ਚੜ੍ਹਦਿਆਂ ਹੀ ਸੰਘਰਸ਼ਾਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਲੇ ਤੌਰ ’ਤੇ ਅਤੇ ਸਾਂਝੇ ਤੌਰ ’ਤੇ ਅਨੇਕਾਂ ਘੋਲ ਲਾਮਬੰਦ ਕੀਤੇ ਅਤੇ ਜਿੱਤੇ ਗਏ। ਬਿਜਲੀ ਬੋਰਡ ਦੇ ਨਿੱਜੀਕਰਨ ਖਿਲਾਫ਼ ਕਿਸਾਨਾਂ ਨੇ ਮਹੱਤਵਪੂਰਨ ਲੜਾਈ ਲੜੀ। 2011 ਵਿਚ ਖੇਤੀ ਮੋਟਰਾਂ ਦੇ ਬਿੱਲਾਂ ਦੇ ਬਾਈਕਾਟ ਕਰਨ ਤੋਂ ਬਾਅਦ ਬਿਆਸ ਦਰਿਆ ਨੂੰ ਪੱਕੇ ਤੌਰ ’ਤੇ ਰੋਕਣ ਅਤੇ 14 ਹੋਰ ਥਾਵਾਂ ’ਤੇ ਟਰੈਫਿਕ ਜਾਮ ਕੀਤੇ ਗਏ ਅਤੇ ਮੀਂਹ ਹਨ੍ਹੇਰੀ ਅਤੇ ਗੜਿਆਂ ਦੌਰਾਨ ਵੀ ਜਾਮ ਲੱਗੇ ਰਹੇ ਤਾਂ ਅਖੀਰ ਬਾਦਲ ਸਰਕਾਰ ਨੂੰ ਖੇਤੀ ਮੋਟਰਾਂ ਦੇ ਬਿੱਲ ਮੁਆਫ਼ ਕਰਨੇ ਪਏ ਅਤੇ ਪੁਰਾਣੇ ਬਕਾਏ ਵੀ ਖਤਮ ਕਰਨੇ ਪਏ। 2015 ਵਿਚ ਕੇਂਦਰ ਸਰਕਾਰ ਵੱਲੋਂ 1509 ਬਾਸਮਤੀ ਨੂੰ ਬਾਸਮਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਮੋਰਚੇ ਵੱਲੋਂ ਅੰਮਿ੍ਰਤਸਰ-ਦਿੱਲੀ ਰੇਲਵੇ ਲਾਈਨ ’ਤੇ ਪਿੰਡ ਮੁੱਛਲ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੀ ਸੰਘਰਸ਼ ਚੱਲਿਆ। ਲਗਾਤਾਰ 7 ਦਿਨ ਤੱਕ ਰੇਲਵੇ ਟਰੈਕ ਬੰਦ ਰਿਹਾ ਅਤੇ ਅੰਤ ਕਿਸਾਨਾਂ ਦੀ ਜਿੱਤ ਹੋਈ। ਇਸੇ ਤਰ੍ਹਾਂ ਦੇ ਹੋਰ ਅਨੇਕਾਂ ਵੱਖਰੇ-ਵੱਖਰੇ ਸੰਘਰਸ਼ ਲਗਾਤਾਰ ਹੁੰਦੇ ਰਹੇ ਜਿਨ੍ਹਾਂ ਦਾ ਸਾਰਾ ਵੇਰਵਾ ਇਕ ਲੇਖ ਵਿਚ ਦੇਣਾ ਸੰਭਵ ਨਹੀਂ।
ਹੁਣ ਗੱਲ ਕਰਦੇ ਹਾਂ ਉਸ ਅੰਦੋਲਨ ਦੀ ਜਿਸ ਵਿਚ ਆਪਾਂ ਸਾਰਿਆਂ ਨੇ ਵੱਖੋ-ਵੱਖਰੇ ਰੂਪਾਂ ਵਿਚ ਨਿੱਗਰ ਹਿੱਸਾ ਪਾਇਆ ਹੈ। ਇਹ ਕਿਸਾਨ ਅੰਦੋਲਨ ਲਗਾਤਾਰਤਾ ਪੱਖੋਂ ਸਭ ਤੋਂ ਲੰਬਾ, ਜਾਬਤਾਬੱਧ, ਸ਼ਾਂਤੀ ਪੂਰਵਕ, ਲੋਕ ਹਮਾਇਤ ’ਤੇ ਆਧਾਰਿਤ ਅੰਦੋਲਨ ਸੀ ਜੋ ਉਕਤ ਵਿਸ਼ੇਸ਼ਤਾਈਆਂ ਸਦਕਾ ਹੀ ਜੇਤੂ ਹੋ ਨਿਬੜਿਆ ਹੈ। ਇਹ ਅੰਦੋਲਨ ਪਹਿਲਾਂ ਪੰਜਾਬ ਦੀਆਂ 10 ਖੱਬੇ ਪੱਖੀ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਬਾਕੀ ਜਥੇਬੰਦੀਆਂ ਵੱਖੋ-ਵੱਖ ਰੂਪਾਂ ਵਿਚ ਇਕੱਲੇ-ਇਕੱਲੇ ਤੌਰ ’ਤੇ ਲੜ ਰਹੀਆਂ ਸਨ।
ਜਦੋਂ ਪ੍ਰੀਪੇਡ ਬਿਜਲੀ ਮੀਟਰ ਲਾਉਣ ਅਤੇ ਪ੍ਰਾਈਵੇਟ ਵਪਾਰੀਆਂ ਨੂੰ ਬਿਨ੍ਹਾਂ ਲਾਇਸੈਂਸ ਫਸਲਾਂ ਖਰੀਦਣ ਦੇ ਅਧਿਕਾਰ ਦੇਣ ਦੀਆਂ ਸਕੀਮਾਂ ਚੱਲ ਰਹੀਆਂ ਸਨ, ਡੀਜ਼ਲ-ਪੈਟਰੋਲ ਦੇ ਰੇਟ ਲਗਾਤਾਰ ਵੱਧ ਰਹੇ ਸਨ ਤਾਂ ਉਦੋਂ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਸਰਕਾਰੀ ਘੁਣਤਰਾਂ ਖ਼ਿਲਾਫ਼ 17 ਮਈ ਨੂੰ ਬਿਜਲੀ ਦਫ਼ਤਰਾਂ ਮੂਹਰੇ ਰੋਹ ਭਰਪੂਰ ਧਰਨੇ ਮਾਰੇ ਗਏ ਅਤੇ 27 ਮਈ ਨੂੰ ਪੈਟਰੋਲ ਪੰਪਾਂ ’ਤੇ ਰੋਸ ਮੁਜਾਹਰੇ ਕੀਤੇ ਗਏ। 5 ਜੂਨ ਨੂੰ ਜਦੋਂ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ 14 ਜੂਨ ਨੂੰ ਪੰਜਾਬ ਵਿਚ ਵਿਸ਼ਾਲ ਕਿਸਾਨ ਰੈਲੀਆਂ ਕੀਤੀਆਂ ਗਈਆਂ। 27 ਜੁਲਾਈ ਨੂੰ ਪੰਜਾਬ ਭਰ ਵਿਚ ਵਿਸ਼ਾਲ ਇਤਿਹਾਸਕ ਟਰੈਕਟਰ ਮਾਰਚ ਕੀਤੇ ਗਏ ਜਿਸ ਵਿਚ 15 ਹਜ਼ਾਰ ਤੋਂ ਵੱਧ ਟਰੈਕਟਰਾਂ ‘ਤੇ ਸਵਾਰ ਹੋ ਕੇ 45000 ਦੇ ਕਰੀਬ ਕਿਸਾਨਾਂ ਨੇ ਰੋਸ ਵਿਖਾਵੇ ਕੀਤੇ। ਹੌਸਲਾ ਵਧਾਊ ਗੱਲ ਇਹ ਸੀ ਕਿ ਇਸ ਐਕਸ਼ਨ ਵਿੱਚ ਕਰੀਬ 80% ਭਾਗੀਦਾਰੀ ਨੌਜਵਾਨਾਂ ਦੀ ਸੀ। ਇਸ ਪਿੱਛੋਂ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ‘ ਦੇ ਸੱਦੇ ‘ਤੇ 9 ਅਗਸਤ 2020 ਨੂੰ ਸਾਰੇ ਦੇਸ਼ ਵਿੱਚ ਮੋਟਰ ਸਾਇਕਲ-ਸਕੂਟਰ ਮਾਰਚ ਕੀਤੇ ਗਏ। ਪੰਜਾਬ ਵਿਚ ਇਹ ਮਾਰਚ 10 ਅਗਸਤ ਨੂੰ ਕੀਤਾ ਗਿਆ ਅਤੇ ਐਮ.ਪੀਜ਼ ਅਤੇ ਐਮ.ਐਲ.ਏਜ਼ ਨੂੰ ਚਿਤਾਵਨੀ ਪੱਤਰ ਦਿੱਤੇ ਗਏ। ਇਸ ਮਾਰਚ ਵਿਚ 20 ਹਜ਼ਾਰ ਤੋਂ ਵੱਧ ਮੋਟਰ ਸਾਇਕਲਾਂ-ਸਕੂਟਰਾਂ ਤੇ ਸਵਾਰ ਕਿਸਾਨਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਵਧੇਰੇ ਗਿਣਤੀ ਨੌਜਵਾਨ ਸਨ। ਇਨ੍ਹਾਂ ਕਾਰਵਾਈਆਂ ਨਾਲ ਲੋਕਾਂ ਵਿਚ ਹੌਂਸਲਾ ਪੈਦਾ ਹੋਇਆ ਅਤੇ ਜਾਗਰੂਕਤਾ ਵਧੀ।
ਅੰਦੋਲਨ ਨੂੰ ਨਵਾਂ ਰੂਪ ਦੇਣ ਅਤੇ ਵਿਸ਼ਾਲ ਕਰਨ ਲਈ ਪੰਜਾਬ ਦੀਆਂ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਨੇ 19 ਸਤੰਬਰ ਨੂੰ ਮੋਗਾ ਵਿਖੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਿਸ ਵਿਚ 33 ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਸਾਂਝਾ ਮੋਰਚਾ ਬਣਾ ਲਿਆ ਅਤੇ ਉਗਰਾਹਾਂ ਜਥੇਬੰਦੀ ਵੱਲੋਂ ਬਾਹਰੋਂ ਹਮਾਇਤ ਦੇਣ ਦਾ ਭਰੋਸਾ ਦਵਾਇਆ ਗਿਆ। ਮੀਟਿਗ ਵੱਲੋਂ ਖੱਬੇ ਪੱਖੀ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਾਂਝੇ ਰੂਪ ਵਿਚ ਸਫਲ ਕਰਨ ਦਾ ਫੈਸਲਾ ਲਿਆ ਗਿਆ। ਸਾਡੇ ਸਮਿਆਂ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਸੰਘਰਸ਼ਸ਼ੀਲ ਤਬਕਾਤੀ ਜੱਥੇਬੰਦੀਆਂ, ਵਪਾਰੀਆਂ, ਸ਼ਹਿਰੀ ਪ੍ਰਚੂਨ ਕਾਰੋਬਾਰੀਆਂ, ਛੋਟੇ ਉਦਯੋਗਪਤੀਆਂ, ਵਕੀਲਾਂ, ਟਰਾਂਸਪੋਰਟਰਾਂ, ਬੱਸਾਂ-ਟਰੱਕ ਯੂਨੀਅਨਾਂ ਦੇ ਅਥਾਹ ਸਹਿਯੋਗ ਨਾਲ ਬੰਦ ਲਾਮਿਸਾਲ ਕਾਮਯਾਬ ਰਿਹਾ ਅਤੇ ਪੰਜਾਬ ਦੇ ਸਾਰੇ ਛੋਟੇ ਵੱਡੇ ਸ਼ਹਿਰਾਂ ਅੰਦਰ ਸੜਕਾਂ-ਰੇਲ ਲਾਈਨਾਂ, ਬਾਜਾਰਾਂ ਆਦਿ ‘ਚ ਸੁੰਨ ਪੱਸਰੀ ਰਹੀ। ਬੰਦ ਦੇ ਸੱਦੇ ਨੂੰ ਹਰਿਆਣਾ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਚੰਗਾ ਹੁੰਗਾਰਾ ਮਿਲਿਆ। ਇਸ ਬੰਦ ਰਾਹੀਂ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਮਨਾਂ ਵਿਚਲਾ ਕਾਲੇ ਕਾਨੂੰਨਾਂ ਖ਼ਿਲਾਫ਼ ਵਿਰੋਧ ਅਤੇ ਗੁੱਸਾ ਅਮਲੀ ਰੂਪ ਵਿਚ ਸਾਹਮਣੇ ਆਇਆ।
ਇਸ ਤੋਂ ਬਾਅਦ ਪੰਜਾਬ ਦੀਆਂ ਉਕਤ ਕਿਸਾਨ ਜੱਥੇਬੰਦੀਆਂ ਅਤੇ ਦੇਸ਼ ਪੱਧਰ ’ਤੇ ਬਣੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਵੱਖੋ-ਵੱਖ ਰੂਪਾਂ ਵਿਚ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਵਿਚ 1 ਅਕਤੂਬਰ ਤੋਂ ਸਮੁੱਚੀਆਂ ਰੇਲਵੇ ਲਾਈਨਾਂ ’ਤੇ ਧਰਨੇ ਲਾ ਕੇ ਰੇਲ ਆਵਾਜਾਈ ਰੋਕ ਦਿੱਤੀ ਗਈ ਅਤੇ ਪੱਕੇ ਧਰਨੇ ਲਾ ਕੇ ਪੰਜਾਬ ਦੇ ਟੋਲ ਪਲਾਜ਼ੇ ਫਰੀ ਕਰ ਦਿੱਤੇ ਗਏ। ਵੱਡੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਦੇ ਸ਼ਾਪਿੰਗ ਮਾਲਜ ਤੇ ਹੋਰ ਕਾਰੋਬਾਰ ਧਰਨੇ ਲਾ ਕੇ ਬੰਦ ਕੀਤੇ ਗਏ। ਅੰਬਾਨੀ ਦੇ ਸਾਰੇ ਰਿਲਾਇੰਸ ਪੈਟਰੋਲ ਪੰਪ ਬੰਦ ਕੀਤੇ ਗਏ ਜਿਸ ਦਾ ਅਸਰ ਹਰਿਆਣੇ ਵਿਚ ਵੀ ਪੈਣਾ ਸ਼ੁਰੂ ਹੋ ਗਿਆ।
ਸੰਘਰਸ਼ ਨੂੰ ਨਵਾਂ, ਤਿਖੇਰਾ ਮੋੜ ਦੇਣ ਲਈ 26 ਨਵੰਬਰ 2020 ਨੂੰ ਕਿਸਾਨਾਂ ਦੇ ਲਾਮਿਸਾਲ ਇਕੱਠ ਕਰਕੇ ਦਿੱਲੀ ਵੱਲ ਵੱਧਣ ਦਾ ਫੈਸਲਾ ਲਿਆ ਗਿਆ। ਹਰਿਆਣਾ ਦੀ ਬੀਜੇਪੀ ਸਰਕਾਰਾਂ ਨੇ ਅਨੇਕਾਂ ਥਾਵਾਂ ’ਤੇ ਡੂੰਘੇ ਖੱਡੇ ਪੁੱਟ ਕੇ, ਵੱਡੇ-ਵੱਡੇ ਪੱਥਰ ਰੱਖਕੇ ਅਤੇ ਹੋਰ ਰੁਕਾਵਟਾਂ ਖੜ੍ਹੀਆਂ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਘੋਲ ਨੂੰ ਹਰਿਆਣਾ ਦੇ ਕਿਸਾਨਾਂ ਵੱਲੋਂ ਬਹੁਤ ਵੱਡੀ ਹਮਾਇਤ ਹਾਸਲ ਹੋਈ, ਜਿਨ੍ਹਾਂ ਨੇ ਰੋਕਾਂ ਹਟਾਉਣ ਲਈ ਲਾਮਿਸਾਲ ਹੌਂਸਲਾ ਤੇ ਇੱਕਜੁੱਟਤਾ ਦਿਖਾਈ। ਸਰਕਾਰੀ ਰੋਕਾਂ, ਲਾਠੀਚਾਰਜ, ਅੱਥਰੂ ਗੈਸ ਦੇ ਗੋਲਿਆਂ ਆਦਿ ਦਰਮਿਆਨ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਵਿਸ਼ਾਲ ਇਕੱਠ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰਾਂ ਉਪਰ ਪਹੁੰਚ ਗਿਆ। ਪੰਜਾਬੀ ਕਿਸਾਨ ਪਹਿਲਾਂ ਹੀ ਛੱਤਾਂ ਵਾਲੀਆਂ ਟਰਾਲੀਆਂ ਦੇ ਰੈਣ ਬਸੇਰੇ, ਲੰਗਰ ਲਈ ਰਸਦ ਅਤੇ ਲੋੜਾਂ ਦਾ ਹੋਰ ਸਾਮਾਨ ਨਾਲ ਲੈ ਕੇ ਗਏ ਸਨ। ਹਰਿਆਣੇ ਦੇ ਲੋਕਾਂ ਨੇ ਪਹਿਲੇ ਦਿਨ ਤੋਂ ਹੀ ਦੁੱਧ-ਲੱਸੀ ਦੀ ਸੇਵਾ ਸ਼ੁਰੂ ਕਰ ਕੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਚਿਰਾਂ ਤੋਂ ਵਿਛੜੇ ਦੋਹਾਂ ਭਰਾਵਾਂ ਪੰਜਾਬ-ਹਰਿਆਣਾ ਦਾ ਪਿਆਰ ਸੰਘਰਸ਼ ਦੌਰਾਨ ਛਲਕਿਆ ਅਤੇ ਹਰਿਆਣੇ ਦੀਆਂ ਖਾਪਾਂ ਸਮੇਤ ਸਮੂਹ ਕਿਸਾਨਾਂ ਨੇ ਤਨ ਮਨ ਧਨ ਨਾਲ ਘੋਲ ਵਿਚ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ। ਯੂ.ਪੀ. ਤੇ ਉਤਰਾਖੰਡ ਦੇ ਕਿਸਾਨਾਂ ਨੇ ਹਾਜੀਪੁਰ ਬਾਰਡਰ ’ਤੇ ਜਮਵਾੜਾ ਲਾ ਲਿਆ। ਰਾਜਸਥਾਨ ਦੇ ਕਿਸਾਨਾਂ ਨੇ ਵੀ ਸ਼ਾਹ ਜਹਾਨ ਨਾਕੇ ਨੂੰ ਜਾਣ ਵਾਲੀ ਸੜਕ ’ਤੇ ਮੋਰਚਾ ਲਾ ਦਿੱਤਾ। ਇੰਜ ਪਲਵਲ ਸਮੇਤ ਕੁੱਲ ਸੱਤ ਨਾਕੇ ਲੱਗ ਗਏ।
ਕੇਂਦਰ ਦੀ ਬੀਜੇਪੀ ਸਰਾਕਰ ਨੇ ਮੋਰਚੇ ਨੂੰ ਫੇਲ੍ਹ ਕਰਨ ਲਈ ਅਨੇਕਾਂ ਕੁਚਾਲਾਂ ਚੱਲੀਆਂ। ਮੋਰਚੇ ਨੂੰ ਲੰਬਾ ਕਰਕੇ ਥਕਾਉਣ ਅਤੇ ਜਥੇਬੰਦੀਆਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਨ ਦੇ ਨਾਲ ਹੀ ਗੈਰ ਸਮਾਜੀ ਤੱਤਾਂ ਨੂੰ ਭੇਜ ਕੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਆਪਣੇ ਏਜੰਟਾਂ ਰਾਹੀਂ ਗਰਮ ਨਾਹਰੇ ਲਵਾ ਕੇ ਮੋਰਚੇ ਨੂੰ ਰਾਹੋਂ ਭਟਕਾਉਣ ਦੇ ਯਤਨ ਕੀਤੇ ਗਏ। ਇੱਥੋਂ ਤੱਕ ਕਿ ਇਕ ਬੰਦੇ ਦਾ ਕਤਲ ਕਰਕੇ ਸੰਘਰਸ਼ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਚਾਲ ਵੀ ਚੱਲੀ ਗਈ। ਮੀਟਿੰਗਾਂ ਵਿਚ ਲਾਰੇ-ਲੱਪੇ ਲਾ ਕੇ ਡੰਗ ਟਪਾਈ ਕੀਤੀ ਗਈ। ਅੰਤ 26 ਜਨਵਰੀ 2021 ਨੂੰ ਯੋਜਨਾਬੱਧ ਸ਼ਾਜਿਸ਼ ਰਾਹੀਂ ਮੋਰਚੇ ਨੂੰ ਬਦਨਾਮ ਕਰਨ ਅਤੇ ਹਿੰਦੂ-ਸਿੱਖਾਂ ਵਿਚ ਫੁੱਟ ਪਾਉਣ ਆਦਿ ਦੇ ਛੜਯੰਤਰ ਰਚੇ ਗਏ। ਇਹ ਫਖ਼ਰ ਦੀ ਗੱਲ ਹੈ ਕਿ ਵੱਖੋ-ਵੱਖ ਵਿਚਾਰਾਂ ਦੀਆਂ ਜਥੇਬੰਦੀਆਂ ਦੀ ਸੁਹਿਰਦ ਲੀਡਰਸ਼ਿਪ ਨੇ ਸਰਕਾਰੀ ਚਾਲਾਂ ਨੂੰ ਕਿਵੇਂ ਵੀ ਕਾਮਯਾਬ ਨਹੀਂ ਹੋਣ ਦਿੱਤਾ। ਅੰਤ ਕਿਸਾਨ ਮੋਰਚੇ ਨੂੰ ਮਿਲ ਰਹੀ ਲੋਕ ਹਮਾਇਤ ਤੋਂ ਡਰਦਿਆਂ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਮੋਦੀ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨ ਲਈ ਮਜ਼ਬੂਰ ਹੋਏ। ਪਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਲਿਖਤੀ ਸਮਝੌਤਾ ਕੀਤੇ ਜਾਣ ਤੱਕ ਮੋਰਚਿਆਂ ਵਿੱਚ ਡਟੇ ਰਹਿਣ ਦਾ ਫੈਸਲਾ ਕੀਤਾ। ਅਖੀਰ 9 ਦਸੰਬਰ ਨੂੰ ਲਿਖਤੀ ਸਮਝੌਤਾ ਸਿਰੇ ਚੜ੍ਹਿਆ ਤੇ 12 ਦਸੰਬਰ 2021 ਨੂੰ ਹਜ਼ਾਰਾਂ ਕਿਸਾਨਾਂ ਦੇ ਜਥੇ ਢੋਲ-ਢਮੱਕਿਆਂ ਨਾਲ ਗਿੱਧੇ-ਭੰਗੜੇ ਪਾਉਂਦੇ ਹੋਏ ਜੇਤੂ ਜਲੌਅ ਨਾਲ ਆਪੋ-ਆਪਣੇ ਸੂਬਿਆਂ ਨੂੰ ਵਾਪਸ ਪਰਤੇ। ਇਨ੍ਹਾਂ ਜੱਥਿਆਂ ਦਾ ਥਾਂ-ਥਾਂ ਫੁੱਲਾਂ ਦੀ ਵਰਖਾ, ਹਾਰਾਂ, ਮਠਿਆਈਆਂ, ਵੱਡੇ-ਵੱਡੇ ਇਕੱਠਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਹ ਕਿਸਾਨ ਅੰਦੋਲਨ 6 ਮਹੀਨੇ ਪੰਜਾਬ ਅੰਦਰ ਅਤੇ ਲਗਭਗ 13 ਮਹੀਨੇ ਦਿੱਲੀ ਦੇ ਬਾਰਡਰਾਂ ’ਤੇ ਚੱਲਿਆ ਜੋ ਅੰਤਮ ਤੌਰ ‘ਤੇ ਲੋਕ ਅੰਦੋਲਨ ਦੇ ਰੂਪ ਵਿਚ ਜੇਤੂ ਹੋ ਨਿਬੜਿਆ।
ਸਾਰੀਆਂ ਘਟਨਾਵਾਂ ਅਤੇ ਸੰਘਰਸ਼ਾਂ ਦਾ ਵੇਰਵਾ ਦੇਣਾ ਹੋਵੇ ਤਾਂ ਇਕ ਵੱਡਾ ਕਿਤਾਬਚਾ ਲਿਖਣ ਦੀ ਲੋੜ ਪਵੇਗੀ ਪਰ ਕੁੱਝ ਕੁ ਮਹੱਤਵ ਪੂਰਨ ਘਟਨਾਵਾਂ ਦਾ ਹੀ ਵਰਣਨ ਕਰ ਰਹੇ ਹਾਂ।
-ਜਿਹੜੇ ਨੌਕਰੀ ਪੇਸ਼ਾ ਲੋਕ ਮੋਰਚੇ ਵਿਚ ਪੱਕੇ ਤੌਰ ’ਤੇ ਨਹੀਂ ਜਾ ਸਕਦੇ ਸਨ ਉਹ ਚੰਡੀਗੜ੍ਹ ਸਮੇਤ ਸੂਬੇ ਦੇ ਸਾਰੇ ਸ਼ਹਿਰਾਂ ਦੇ ਚੌਂਕਾਂ ਵਿਚ ਮੋਰਚੇ ਦੇ ਹੱਕ ਵਿਚ ਝੰਡੇ ਲਹਿਰਾਉਂਦੇ ਤੇ ਨਾਹਰੇ ਬੁਲੰਦ ਕਰਦੇ ਰਹੇ।
-ਇਕ ਸੱਤ ਸਾਲ ਦਾ ਬੱਚਾ ਅੰਗਦ, ਜਿਸਨੇ ਆਪਣੇ ਪਿਤਾ ਨਾਲ ਸਾਰੇ ਦੇਸ਼ ਦਾ ਦੌਰਾ ਵੀ ਕੀਤਾ ਅਤੇ ਦਿੱਲੀ ਮੋਰਚੇ ’ਤੇ ਵੀ ਸਰਗਰਮ ਰਿਹਾ, ਦਾ ਹੌਂਸਲਾ, ਸਮਝਦਾਰੀ ਅਤੇ ਟੀ.ਵੀ. ਚੈਨਲਾਂ ਮੂਹਰੇ ਮੋਰਚੇ ਬਾਰੇ ਪੇਸ ਕੀਤੀਆਂ ਜਾਂਦੀਆਂ ਦਲੀਲਾਂ ਹਰ ਇਕ ਨੂੰ ਹੈਰਾਨ ਕਰਦੀਆਂ ਸਨ।
-ਚੰਡੀਗੜ੍ਹ ਵਿਖੇ ਕਿਸਾਨ ਘੋਲ ਦੀ ਹਮਾਇਤ ਕਰਦੇ, ਕੱਪੜੇ ਦੀ ਦੁਕਾਨ ਚਲਾਉਂਦੇ ਇਕ ਛੋਟੇ ਵਿਉਪਾਰੀ ਦੇ 11 ਸਾਲ ਦੇ ਲੜਕੇ ਸਹਿਜਪ੍ਰੀਤ ਨੂੰ ਪੁਲਿਸ ਨੇ ਫੜ ਲਿਆ। ਜਦੋਂ ਪੁਲਸ ਉਸਨੂੰ ਬਸ ਵਿਚ ਲਿਜਾ ਰਹੀ ਸੀ ਤਾਂ ਉਸਨੇ ਲੋਕਾਂ ਨੂੰ ਕਿਹਾ ਕਿ ਇਹ ਮੈਨੂੰ ਮਾਰ ਦੇਣਗੇ ਅਤੇ ਮੇਰੀ ਲਾਸ਼ ਸਿੰਘੂ ਬਾਰਡਰ ਤੋਂ ਆ ਕੇ ਕੋਈ ਆਗੂ ਲੈ ਜਾਵੇ।
-ਲੰਗਰ ਦੀ ਭਾਵੇਂ ਕੋਈ ਕਮੀ ਨਹੀਂ ਸੀ ਜਿਸ ਵਿਚ ਐਨਆਈਆਰ ਵੀਰਾਂ ਦਾ ਵੀ ਬਹੁਤ ਯੋਗਦਾਨ ਸੀ ਪਰ ਬਾਰਡਰ ਨੇੜਿਓ ਤਿੰਨ ਭਰਾ ਮੋਰਚੇ ਦੇ ਆਗੂਆਂ ਕੋਲ ਆਏ ਤੇ ਕਹਿਣ ਲੱਗੇ ਸਾਡੀ 13 ਕਿਲ੍ਹੇ ਕਣਕ ਹੈ ਜਿਸ ਚੋਂ ਇਕ ਦਾਣਾ ਵੀ ਅਸੀਂ ਮੰਡੀ ਵਿਚ ਨਹੀਂ ਵੇਚਣਾ, ਸਾਰੀ ਲੰਗਰ ਵਿਚ ਹੀ ਦੇਣੀ ਹੈ।
-ਇਕ ਹਰਿਆਣਵੀ ਨੌਜਵਾਨ, ਜਿਸਨੇ ਮੁਕਾਬਲੇ ਵਾਲਾ ਝੋਟਾ ਪਾਲ ਰੱਖਿਆ ਸੀ ਤੇ ਜੋ ਮੁਕਾਬਲਿਆਂ ਵਿਚ ਢੇਰਾਂ ਇਨਾਮ ਜਿੱਤਦਾ ਸੀ, ਨੇ ਇਹ ਝੋਟਾ ਵੇਚ ਕੇ ਵੱਟੇ ਲੱਖਾਂ ਰੁਪਈਆਂ ਦਾ ਲੰਗਰ ਲਾ ਦਿੱਤਾ।
-ਟਿੱਕਰੀ ਬਾਰਡਰ “ਤੇ ਮਾਲਵੇ ਦੇ ਇਕ ਨੌਜਵਾਨ ਦੇ ਘਰ ਵਿਆਹ ਤੋਂ 11 ਸਾਲ ਬਾਅਦ ਲੜਕੇ ਨੇ ਜਨਮ ਲਿਆ। ਉਸਨੂੰ ਘਰਦਿਆਂ ਅਤੇ ਰਿਸ਼ਤੇਦਾਰਾਂ ਨੇ ਬੜਾ ਕਿਹਾ ਕਿ ਇੱਕ ਵਾਰੀ ਆ ਕੇ ਬੱਚੇ ਨੂੰ ਵੇਖ ਤਾਂ ਜਾ ਪਰ ਉਸਦਾ ਜਵਾਬ ਸੀ, “ਘਰ ਤਾਂ ਅੰਦੋਲਨ ਜਿੱਤਕੇ ਹੀ ਆਵਾਂਗਾ ਲੇਕਿਨ ਮੇਰੇ ਬੱਚੇ ਦਾ ਨਾਂ ‘ਅੰਦੋਲਨਜੀਤ ਸਿੰਘ‘ ਰੱਖ ਦੇਵੋ।’’
-ਦੁਆਬੇ ਦੇ ਇਕ ਨੌਜਵਾਨ ਦੇ ਘਰ ਬੱਚੇ ਨੇ ਜਨਮ ਲਿਆ ਤਾਂ ਘਰਦਿਆਂ ਦੇ ਘਰ ਸੱਦਣ ਦੇ ਬਾਵਜੂਦ ਉਹ ਘਰ ਨਹੀਂ ਗਿਆ ਤੇ ਮੋਰਚੇ ਤੋਂ ਕਹਿ ਦਿੱਤੇ ਕਿ ਬੱਚੇ ਦਾ ਨਾਂ ‘‘ਫਤਹਿਜੀਤ ਸਿੰਘ’’ ਰੱਖ ਦੇਵੋ।
-ਦੇਸ਼ ਤੇ ਪੰਜਾਬ ਤੋਂ ਮਜਬੂਰੀ ਵੱਸ ਵਿਦੇਸ਼ਾਂ ਵਿਚ ਗਏ ਐਨਆਰਆਈ ਭਰਾਵਾਂ ਅਤੇ ਭੈਣਾਂ ਨੇ ਜਿੰਨਾ ਸਹਿਯੋਗ ਇਸ ਮੋਰਚੇ ਵਿਚ ਵੱਖ ਵੱਖ ਰੂਪਾਂ ਵਿਚ ਪਾਇਆ ਬਹੁਤ ਅਣਕਿਆਸਿਆ ਅਤੇ ਸਲਾਹੁਣ ਯੋਗ ਹੈ।
ਮੋਰਚੇ ਨੇ ਬਹੁਤ ਹੀ ਸਾਰਥਕ ਸਿੱਟੇ ਕੱਢੇ ਹਨ ਅਤੇ ਸੱਜੇ-ਖੱਬੇ ਭਟਕਾਵਾਂ ਦਾ ਬਾਖ਼ੂਬੀ ਟਾਕਰਾ ਕਰਦਿਆਂ ਆਪਣੀ ਏਕਤਾ ਬਣਾਈ ਰੱਖਦਿਆਂ ਜਿੱਤ ਤੱਕ ਅਪੜਿਆ ਹੈ।
-ਵੱਖ ਵੱਖ ਭਾਈਚਾਰਿਆਂ, ਉਤਰ-ਦੱਖਣ, ਪੂਰਬ-ਪੱਛਮ ਦੇ ਸਾਰੇ ਸੂਬਿਆਂ ਦੇ ਲੋਕਾਂ ਨੂੰ ਇਕ ਦੂਜੇ ਨਾਲ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਵੱਖੋ-ਵੱਖ ਸਮੱਸਿਆਵਾਂ ਦੀ ਸਿੱਖਿਆ ਹਾਸਲ ਕੀਤੀ ਅਤੇ ਆਪਸੀ ਏਕਤਾ ਦੀ ਭਾਵਨਾ ਪਨਪੀ।
-ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦੀ ‘ਤਾਊ-ਭਾਊ ਦੀ ਦੋਸਤੀ‘ ਨੂੰ ਸਰਕਾਰਾਂ ਅਤੇ ਵੋਟ ਲਾਲਚੀ ਪਾਰਟੀਆਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਖਾਸ ਤੌਰ ’ਤੇ ਐਸਵਾਈਐਲ ਨਹਿਰ ਦੇ ਸਵਾਲ ’ਤੇ ਭੜਕਾਉਣਾ ਚਾਹਿਆ। ਪਰ ਲੋਕਾਂ ਨੇ ਇਨ੍ਹਾਂ ਚਾਲਾਂ ਨੂੰ ਨਕਾਰਿਆ ਅਤੇ ਨੇੜਤਾ ਪੱਕੀ ਕੀਤੀ।
-ਗੈਰ ਜਥੇਬੰਦ ਅਤੇ ਘੱਟ ਜਥੇਬੰਦ ਲੋਕਾਂ ਨੂੰ ਏਕੇ ਨਾਲ ਤੇ ਧੀਰਜ ਨਾਲ ਲੰਬੀ ਲੜਾਈ ਲੜਨ ਦਾ ਰਾਹ ਦਿਖਾਇਆ। ਇਸੇ ਕਾਰਨ ਮੋਰਚਾ ਜਿੱਤਣ ਤੋਂ ਬਾਅਦ ਵੀ ਬਾਕੀ ਰਹਿੰਦੀਆਂ ਮੰਗਾਂ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨ ਅਜੇ ਵੀ ਸੰਘਰਸ਼ ਦੇ ਰਾਹ ਪਏ ਹੋਏ ਹਨ ਅਤੇ ਆਮ ਲੋਕਾਂ ਵਿਚ ਹੱਕੀ ਮੰਗਾਂ ਲਈ ਜੁੜਨ ਅਤੇ ਲੜਨ ਦੀ ਭਾਵਨਾ ਪ੍ਰਬਲ ਹੋਈ ਹੈ।
-ਆਮ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ, ਸਾਮਰਾਜੀਆਂ ਅਤੇ ਧਰਮ ਅਧਾਰਤ ਰਾਜਨੀਤੀ ਕਰਨ ਵਾਲੀਆਂ ਫਾਸ਼ੀਵਾਦੀ ਸ਼ਕਤੀਆਂ ਦਾ ਚਿਹਰਾ ਪਛਾਨਣ ਦਾ ਮੌਕਾ ਮਿਲਿਆ ਹੈ ਅਤੇ ਅਸਲੀ ਦੁਸ਼ਮਣ ਪਹਿਚਾਣ ਕੇ ਸਾਂਝੀਆਂ ਲੜਾਈਆਂ ਲੜਨ ਦਾ ਗੁਰ ਸਮਝ ਆਇਆ ਹੈ।

Comments
Post a Comment