ਮੋਹਾਲੀ ਦੇ ਇਤਿਹਾਸਕ ਕਿਸਾਨ ਇਕੱਠ ਵਿੱਚ ਵਜਾਇਆ ਦੇਸ਼ ਵਿਆਪੀ ਕਿਸਾਨ ਘੋਲ ਦਾ ਬਿਗਲ
ਸੱਜਣ ਸਿੰਘ ਮੁਹਾਲੀ
ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਇਤਿਹਾਸਕ ਜਿੱਤ ਦੀ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਮੁਹਾਲੀ ਵਿਖੇ ਹੋਏ ਠਾਠਾਂ ਮਾਰਦੇ ਕਿਸਾਨ ਇਕੱਠ ਨੇ ਮਾਣਮੱਤੇ ਕਿਸਾਨ ਸੰਘਰਸ਼ ਦੀਆਂ ਯਾਦਾਂ ਤਾਜਾ ਕਰਵਾ ਦਿੱਤੀਆਂ। ਮੋਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਸਾਹਮਦੇ ਇਕ ਖੁੱਲ੍ਹੇ ਮੈਦਾਨ ਵਿਚ ਰੰਗ ਬਿਰੰਗੇ ਕਿਸਾਨੀ ਝੰਡੇ ਲੈ ਕੇ ਸ਼ਾਮਲ ਹੋਏ ਜੁਝਾਰੂਆਂ ਦਾ ਉਤਸ਼ਾਹ ਵੇਖਣ ਵਾਲਾ ਸੀ। ਮੁਹਾਲੀ ਸ਼ਹਿਰ ਵਿਚ ਦਾਖਲ ਹੋਣ ਵਾਲਾ ਕੋਈ ਵੀ ਰਾਹ ਸੌਖਿਆਂ ਪਾਰ ਨਹੀਂ ਸੀ ਕੀਤਾ ਜਾ ਸਕਦਾ। ਇਕੱਠ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਸੀ ਕਿ ਸ਼ਹਿਰ ਦੇ ਲੋਕਾਂ ਨੇ ਵੀ ਇਸਦਾ ਭਰਵਾਂ ਸਵਾਗਤ ਕੀਤਾ। ਇਉਂ ਜਾਪਦਾ ਸੀ ਕਿ ਆਮ ਜਨ ਸਮੂਹ ਨੂੰ ਕਿਸਾਨੀ ਅਤੇ ਕਿਸਾਨੀ ਮੁੱਦਿਆਂ ਬਾਰੇ ਗੂੜ੍ਹੀ ਜਾਣਕਾਰੀ ਹੈ ਅਤੇ ਲੋਕੀਂ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀਭਾਂਤ ਜਾਣੂੰ ਹਨ।
ਹੋਰ ਗੱਲ ਜੋ ਖਿੱਚ ਦਾ ਕੇਂਦਰ ਬਣੀ ਉਹ ਸੀ ਹਰ ਮੋੜ ’ਤੇ ਲਾਏ ਗਏ ਲੰਗਰ ਜਿਨ੍ਹਾਂ ਵਿੱਚ ਆਮ ਲੋਕਾਂ ਕੇ ਵਧ-ਚੜ੍ਹ ਕੇ ਸੇਵਾ ਨਿਭਾਈ। ਗੁਰਦੁਆਰਾ ਅੰਬ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ ਅਤੇ ਹੋਰ ਧਾਰਮਕ ਸਥਾਨਾਂ ਦੇ ਪ੍ਰਬੰਧਕਾਂ ਨੇ ਵੀ ਸ਼ਲਾਘਾ ਯੋਗ ਹਿੱਸਾ ਪਾਇਆ।
ਸਟੇਜ ਦੀ ਕਾਰਵਾਈ ਮਿਥੇ ਸਮੇਂ ਅਨੁਸਾਰ ਸ਼ੁਰੂ ਹੋਈ। ਬੁਲਾਰਿਆਂ ਨੇ ਤਹਿ ਸੀਮਾਂ ਅੰਦਰ ਕਹਿ ਕੇ ਸੰਘਰਸ਼ ਦੀ ਪ੍ਰਾਪਤੀ ਅਤੇ ਭਵਿੱਖ ਦੀਆਂ ਚਣੌਤੀਆਂ ਦਾ ਬਾਖੂਬੀ ਜ਼ਿਕਰ ਕਰਦਿਆਂ ਆਉਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਕੋਝੇ ਮਨਸੂਬਿਆਂ ਨੂੰ ਵੀ ਉਜਾਗਰ ਕੀਤਾ।
ਬੁਲਾਰਿਆਂ ਵੱਲੋਂ ਵਰਤੀ ਗਈ ਬਹੁਤ ਹੀ ਖੂਬਸੂਰਤ ਭਾਸ਼ਾ, ਜਿਸ ਵਿਚ ਹੋਸ਼ ਅਤੇ ਜੋਸ਼ ਦਾ ਸੁਮੇਲ ਸੀ, ਨੇ ਲੋਕਾਂ ਨੂੰ ਕੀਲ ਲਿਆ। ਔਰਤਾਂ ਦੀ ਭਰਵੀਂ ਸ਼ਮੂਲੀਅਤ ਨੇ ਇਕੱਠ ਨੂੰ ਹੋਰ ਵੀ ਚਾਰ ਚੰਦ ਲਾ ਦਿੱਤੇ। ਲੋਕ ਚਰਚਾ ਮੁਤਾਬਕ ਇਹ 1 ਲੱਖ ਤੋਂ ਉਪਰ ਲੋਕਾਂ ਦਾ ਇਕੱਠ ਸੀ। ਲੋਕਾਂ ਦਾ ਸ਼ਾਂਤਮਈ ਰਹਿਣਾ ਅਤੇ ਆਪਣੇ ਨੇਤਾਵਾਂ ਦੇ ਭਾਸ਼ਣ ਨੂੰ ਮਨ ਲਗਾ ਕੇ ਸੁਣਨਾ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਨੂੰ ਭਵਿੱਖ ਲਈ ਸਾਂਭ ਕੇ ਰੱਖਣਾ ਹੋਰ ਵੀ ਜ਼ਰੂਰੀ ਹੈ। ਲੋਕਾਂ ਚੋਂ ਇਹ ਗੱਲ ਆਮ ਸੁਣਨ ਵਿਚ ਆਈ ਕਿ ਸਾਂਝੇ ਘੋਲਾਂ ਤੋਂ ਬਿਨਾਂ ਸੰਘਰਸ਼ ਨਹੀਂ ਜਿੱਤੇ ਜਾ ਸਕਦੇ। ਕੁੱਝ ਲੋਕ ਇਹ ਗੱਲਾਂ ਕਰਦੇ ਵੀ ਸੁਣੇ ਗਏ ਕਿ ਇਸ ਦਾ ਦਾਇਰਾ ਹੋਰ ਵਿਸ਼ਾਲ ਹੋਣਾ ਚਾਹੀਦਾ ਹੈ। ਸਭ ਦੇਸ਼ ਵਾਸੀਆਂ ਦੇ ਮੁੱਦੇ ਇਕ ਦੂਜੇ ਨਾਲ ਜੁੜੇ ਹੋਏ ਹਨ ਇਸ ਲਈ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਔਰਤਾਂ ਅਤੇ ਸਮਾਜ ਦੇ ਭਿੰਨ-ਭਿੰਨ ਵਰਗਾਂ ਨੂੰ ਸਾਂਝੇ ਘੋਲਾਂ ਲਈ ਤਿਆਰ ਹੋਣਾ ਚਾਹੀਦਾ ਹੈ ਅਤੇ ਇਸ ਲਈ ਸੁਹਿਰਦ ਯਤਨ ਵੀ ਕਰਨੇ ਚਾਹੀਦੇ ਹਨ।

Comments
Post a Comment