ਕਿਸਾਨੀ, ਜਵਾਨੀ, ਪਾਣੀ ਅਤੇ ਵਾਤਾਵਰਨ ਬਚਾਉਣ ਲਈ ਜਾਗਰੂਕ ਤੇ ਲਾਮਬੰਦ ਹੋਕੇ, ਸੰਘਰਸਾਂ ਦੇ ਪਿੜ ਮੱਲੋ
ਪਰਗਟ ਸਿੰਘ ਜਾਮਾਰਾਏ
ਪ੍ਰੈਸ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ
‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’, ਸ਼ਬਦ ਰਾਹੀਂ ਪਵਿੱਤਰ ਬਾਣੀ ਨੇ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਸੰਦੇਸ ਦਿੱਤਾ ਹੈ। ਧਰਤੀ ‘ਤੇ ਮਨੁੱਖੀ ਜੀਵਨ, ਹਰਿਆਵਲ, ਬਨਸਪਤੀ ਦੀ ਹੋਂਦ ਲਈ ਸੁਧ ਹਵਾ ਦਾ ਹੋਣਾ ਜਰੂਰੀ ਹੈ ਇਸੇ ਕਰਕੇ ਇਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਤੋਂ ਬਿਨਾਂ ਧਰਤੀ ਦੇ ਉੱਪਰ ਅਤੇ ਪਾਣੀ ਦੀ ਸਤਹਿ ਦੇ ਅੰਦਰ ਅਣਗਿਣਤ ਪ੍ਰਜਾਤੀਆਂ ਦੀ ਹੋਂਦ ਹੀ ਸੰਭਵ ਨਹੀਂ ਹੈ ਇਸ ਲਈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਉਹਨਾਂ ਇਹ ਵੀ ਫਰਮਾਇਆ ਹੈ ਕਿ ਇਹ ਕੁਦਰਤੀ ਨਜਾਰੇ ਅਤੇ ਮਨੁੱਖੀ ਜੀਵਨ ਪਵਿੱਤਰ ਧਰਤੀ ਮਾਂ ਦੀ ਗੋਦ ਵਿੱਚ ਹੀ ਸੰਭਵ ਹਨ। ਧਰਤੀ ਖਾਸ ਕਰ ਕੇ ਕਿਸਾਨ ਅਤੇ ਮਨੁੱਖੀ ਜੀਵਨ ਲਈ ਮਾਂ ਦਾ ਦਰਜਾ ਪਾਣੀ ਬਿਨਾਂ ਹਾਸਲ ਨਹੀਂ ਹੁੰਦਾ ਅਤੇ ਗੁਰੂ ਦੇ ਦਰਜੇ ਵਾਲੀ ਹਵਾ ਤੋਂ ਬਿਨਾਂ ਅਸੀਂ ਸਾਹ ਵੀ ਨਹੀ ਲੈ ਸਕਦੇ। ਇਸ ਵਿਸ਼ੇ ਤੇ ਗੰਭੀਰ ਚਰਚਾ ਦੀ ਲੋੜ ਹੈ ਅਤੇ ਇਸ ਦੀ ਮਹੱਤਤਾ ਨੂੰ ਸਮਝਣਾ ਬਹੁਤ ਜਰੂਰੀ ਹੈ।
ਸਭ ਤੋਂ ਪਹਿਲਾਂ ਇਹ ਸਵਾਲ ਉਭਰਕੇ ਸਾਹਮਣੇ ਆਉਂਦਾ ਹੈ ਕਿ ਕੀ ਅਸੀਂ ਲੋਕਾਂ ਅਤੇ ਸਮੇਂ ਦੇ ਹਾਕਮਾਂ ਨੇ ਇਸ ਮਹੱਤਵਪੂਰਨ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ? ਤਾਂ ਇਸ ਦਾ ਜਵਾਬ ਹੋਵੇਗਾ ਹਾਂ ਕੀਤਾ ਗਿਆ ਹੈ। ਰਾਸਟਰੀ-ਅੰਤਰਰਾਸਟਰੀ ਰਾਸਟਰੀ ਮੰਚਾਂ ਉੱਪਰ ਜੋਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਜੇ ਮੌਜੂਦਾ ਸਮੇਂ ਵਿਚ ਮਨੁੱਖੀ ਜੀਵਨ ਦੇ ਸਰੋਤਾਂ ਧਰਤੀ, ਪਾਣੀ ਅਤੇ ਹਵਾ ਨੂੰ ਸੁੱਧ ਕਰਨ ਅਤੇ ਰੱਖਣ ਦੀ ਜੁਮੇਵਾਰੀ ਨਾ ਨਿਭਾਈ ਗਈ ਤਾਂ ਧਰਤ ‘ਤੇ ਜੀਵਨ ਲਈ ਗੰਭੀਰ ਖਤਰੇ ਖੜ੍ਹੇ ਹੋ ਸੱਕਦੇ ਹਨ। ਫਿਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੁਦਰਤ ਅਤੇ ਮਨੁੱਖੀ ਜੀਵਨ ਨਾਲ ਇਹ ਖਿਲਵਾੜ ਬੰਦ ਕਿਉਂ ਨਹੀਂ ਹੋ ਰਿਹਾ?
ਇਸ ਦਾ ਜਵਾਬ ਹੈ ਕੇ ਕਾਰਪੋਰੇਟ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਘੋਰ ਮੁਨਾਫ਼ਿਆਂ (ਲਾਲਚਾਂ) ਤੇ ਟਿਕੀ ਸਾਮਰਾਜੀ ਵਿਵਸਥਾ ਅਤੇ ਪੂੰਜੀਪਤੀਆਂ ਅਤੇ ਜਗੀਰਦਾਰਾਂ ਦੀਆਂ ਸਰਕਾਰਾਂ ਵੱਲੋਂ ਠੋਸੇ ਹੋਏ ਸਨਅਤੀ ਅਤੇ ਖੇਤੀ ਮਾਡਲ ਜੋ ਸਿਰਫ਼ ਤੇ ਸਿਰਫ਼ ਮੁਨਾਫੇ ਕਮਾਉਣ ਲਈ ਘੜੇ ਗਏ ਹਨ। ਲੋੜਾਂ ਦੀ ਲੋੜ ਇਹ ਹੈ ਕਿ ਧਰਤੀ, ਪਾਣੀ, ਹਵਾ ਦੀ ਸਿਹਤ ਦਾ ਖਿਆਲ ਰੱਖਦਿਆਂ ਧਰਤ ਵਾਸੀਆਂ ਦੀਆਂ ਜੀਵਨ ਲੋੜਾਂ ਮੁਤਾਬਕ ਕਾਨੂੰਨ ਘੜੇ ਜਾਣ।
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਛੇਵੀਂ ਤਿੰਨ ਦਿਨਾਂ ਜਥੇਬੰਦਕ ਕਾਨਫਰੰਸ ਵਿੱਚ ਹਾਜ਼ਰ ਡੈਲੀਗੇਟਾਂ ਵੱਲੋਂ ਜਿੱਥੇ ਮੌਜੂਦਾ ਸਰਕਾਰਾਂ ਦੀਆਂ ਲੋਕਾਂ ਦੇ ਜੀਵਨ ‘ਤੇ ਮਾਰੂ ਅਸਰ ਪਾਉਣ ਵਾਲੀਆਂ ਨੀਤੀਆਂ ਦਾ ਡੂੰਘਾਈ ਨਾਲ ਵਿਸਲੇਸਣ ਕੀਤਾ ਜਾਵੇਗਾ ਓਥੇ ਕਿਸਾਨੀ ਅਤੇ ਮਨੁੱਖੀ ਜੀਵਨ ਨਾਲ ਸਬੰਧਤ ਉਪਰੋਕਤ ਮੁੱਦਿਆਂ ਨੂੰ ਵੀ ਅਹਿਮ ਕਾਰਜ ਵਜੋਂ ਗੰਭੀਰਤਾ ਸਹਿਤ ਵਿਚਾਰਿਆ ਜਾਵੇਗਾ।
ਹਾਲਾਂਕਿ ਇਹ ਵੀ ਸੱਚ ਹੈ ਕਿ ਇਹ ਪੰਜਾਬ ਦੀ ਕਾਨਫਰੰਸ ਹੈ ਅਤੇ ਸਾਡੀ ਵਿਚਾਰ ਚਰਚਾ ਦਾ ਕਾਰਜ ਖੇਤਰ ਵੀ ਮੁੱਖ ਤੌਰ ‘ਤੇ ਪੰਜਾਬ ਹੀ ਰਹੇਗਾ। ਪਰੰਤੂ ਇਹ ਵੀ ਨੋਟ ਕਰਨਯੋਗ ਹੈ ਕਿ ਪੰਜਾਬ ਉੱਪਰ ਠੋਸਿਆ ਅਤੇ ਲਾਗੂ ਕੀਤਾ ਜਾ ਰਿਹਾ ਸਨਅਤੀ ਅਤੇ ਖੇਤੀਬਾੜੀ ਮਾਡਲ ਸਾਮਰਾਜੀ ਸੰਸਥਾਵਾਂ, ਸਰਮਾਏਦਾਰ-ਜਗੀਰਦਾਰ ਹਾਕਮ ਜਮਾਤਾਂ ਦੀਆਂ ਲੋੜਾਂ ਮੁਤਾਬਕ ਘੜਿਆ ਗਿਆ ਹੈ।
ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਵਿੱਚ ਇਸ ਲੋਕ ਦੋਖੀ- ਕੁਦਰਤ ਵਿਰੋਧੀ ਮਾਡਲ ਦਾ ਪ੍ਰਮੁੱਖ ਰੋਲ ਹੈ। ਫੈਕਟਰੀਆਂ ਦੇ ਮਾਲਕ ਮੁਨਾਫੇ ਵਧਾਉਣ ਲਈ ਰਸਾਇਣਾਂ ਯੁਕਤ ਜਹਿਰੀਲੇ ਪਾਣੀ ਨੂੰ ਬਿਨਾਂ ਸੋਧਿਆਂ ਧਰਤੀ ਹੇਠ ਵੀ ਭੇਜ ਰਹੇ ਹਨ ਅਤੇ ਜੀਵਨ ਵੰਡਦੇ ਪਵਿੱਤਰ ਦਰਿਆਵਾਂ, ਨਦੀਆਂ-ਨਾਲਿਆਂ ਤੇ ਵੇਈਂਆਂ ਨੂੰ ਵੀ ਜਹਿਰ ਢੋਣ ਦੇ ਵਾਹਕ ਬਣਾ ਰਹੇ ਹਨ। ਸਨਅਤਾਂ ਅੰਦਰ ਪੈਦਾ ਹੋਏ ਕੀਟਨਾਸਕ, ਨਦੀਨਨਾਸਕ ਅਤੇ ਵੱਧ ਉਤਪਾਦਨ ਦੇ ਲਾਲਚ ਅਧੀਨ ਲੋੜ ਤੋਂ ਵੱਧ ਵਰਤੀਆਂ ਜਾਂਦੀਆਂ ਖਾਦਾਂ ਕਾਰਨ ਵੀ ਧਰਤ ਮਾਤਾ ਦੀ ਸਿਹਤ ਵਿਗੜ ਰਹੀ ਹੈ ਅਤੇ ਪਾਣੀ ਜਹਿਰੀਲੇ ਹੋ ਰਹੇ ਹਨ। ਸਰਕਾਰ ਦੀ ਨਲਾਇਕੀ ਅਤੇ ਦੁਰ ਪ੍ਰਬੰਧ ਕਾਰਨ ਟਰਾਂਸਪੋਰਟ, ਸਨਅਤੀ ਧੂਏਂ ਅਤੇ ਖੇਤੀ ਰਹਿੰਦ-ਖੂਹੰਦ ਨੂੰ ਲਗਦੀ ਅੱਗ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਰੋਜਾਨਾ ਤਰੱਕੀ ਦਾ ਰਾਗ ਅਲਾਪਣ ਵਾਲੇ ਹਾਕਮਾਂ ਕੋਲੋਂ ਖੇਤੀ ਦੀ ਰਹਿੰਦ-ਖੂਹੰਦ ਨੂੰ ਸਾਂਭਣ ਅਤੇ ਉਪਯੋਗ ਵਿੱਚ ਲਿਆਉਣ ਦਾ ਪ੍ਰਬੰਧ ਨਹੀਂ ਹੋ ਸਕਿਆ। ਇਸ ਵਾਤਾਵਰਨ ਨੇ ਹਸਦੇ-ਵਸਦੇ ਪੰਜਾਬੀਆਂ ਨੂੰ ਗੰਭੀਰ ਰੋਗਾਂ ਦਾ ਸ਼ਿਕਾਰ ਬਣਾ ਦਿੱਤਾ ਹੈ। ਕਾਲਾ ਪੀਲੀਆ, ਕੈਂਸਰ, ਗੁਰਦਿਆਂ ਤੇ ਹੱਡੀਆਂ ਦੇ ਰੋਗਾਂ ਕਾਰਨ ਅਨੇਕਾਂ ਲੋਕ ਅਜਾਈਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਜਾਂ ਮੰਜੇ ‘ਤੇ ਪਏ ਕਰਾਹ ਰਹੇ ਹਨ।
ਇਸ ਵਰਤਾਰੇ ਨੇ ਕਿਸਾਨੀ ਦੀ ਆਰਥਿਕਤਾ ਤੇ ਮਾਰੂ ਅਸਰ ਪਾਇਆ ਹੈ। ਦਿੱਲੀ ਦੇ ਬਾਰਡਰਾਂ ਉੱਪਰ ਲੜੇ ਗਏ ਇਤਿਹਾਸਕ ਕਿਸਾਨ ਅੰਦੋਲਨ ਨੇ ਲੋਕਾਂ ਵਿੱਚ ਇੱਕ ਖਾਸ ਕਿਸਮ ਦੀ ਜਾਗਰੂਕਤਾ ਪੈਦਾ ਕੀਤੀ ਹੈ। ਲੋਕ ਹਵਾ, ਪਾਣੀ, ਧਰਤੀ ਅਤੇ ਵਾਤਾਵਰਨ ਨੂੰ ਸਿਹਤਮੰਦ ਰੱਖਣ ਲਈ ਚੇਤਨ ਲਾਮਬੰਦ ਹੋਣ ਲੱਗੇ ਹਨ। ਲੁਧਿਆਣਾ ਦੇ ਬੁੱਢੇ ਨਾਲੇ ਨੂੰ ਬਚਾਉਣ ਦਾ ਸੰਘਰਸ਼ ਸ਼ੁਰੂ ਹੋਇਆ ਹੈ ਅਤੇ ਸਾਬਤ ਕਦਮੀਂ ਅੱਗੇ ਵਧ ਰਿਹਾ ਹੈ। ਜੀਰਾ ਸਰਾਬ ਫੈਕਟਰੀ ਵਿਰੁੱਧ ਲੋਕਾਂ ਵੱਲੋਂ ਲੜੇ ਗਏ ਸੰਘਰਸ ਕਾਰਨ ਹੁਕਮਰਾਨਾਂ ਨੂੰ ਸਨਅਤੀ ਪਾਰਕ ਬਣਾਉਣ ਦਾ ਐਲਾਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਵਾਤਾਵਰਨ ਪ੍ਰੇਮੀਆਂ ਦੇ ਸੰਘਰਸਮਈ ਦਬਾਅ ਸਦਕਾ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਦੇਣ ਅਤੇ ਜੀਰਾ ਸਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰਨਾ ਪਿਆ ਹੈ।
ਕਾਨਫਰੰਸ ਵਿੱਚ ਕਿਸਾਨੀ ਫਸਲਾਂ ਲਈ ਲਾਹੇਵੰਦੇ ਭਾਅ ਲੈਣ, ਕਿਸਾਨੀ ਕਰਜੇ ‘ਤੇ ਲੀਕ ਮਰਵਾਉਣ ਦੇ ਸਵਾਲਾਂ ਦੇ ਨਾਲ ਖੇਤੀ ਉੱਪਰ ਭਾਰ ਦੱਸੀ ਜਾ ਰਹੀ ਜਵਾਨੀ ਦੇ ਸਥਾਈ ਰੁਜਗਾਰ ਦਾ ਮੁੱਦਾ, ਪਾਣੀ ਅਤੇ ਵਾਤਾਵਰਨ ਦੀ ਰਾਖੀ ਦਾ ਸਵਾਲ, ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਗੁਜਾਰੇ ਯੋਗ ਪੈਨਸਨ ਸਕੀਮ ਆਦਿ ਮੁੱਦੇ ਵੀ ਓਨੀ ਹੀ ਮਹੱਤਤਾ ਰੱਖਦੇ ਹਨ।

Comments
Post a Comment